ਪੱਤਰ ਪੇ੍ਰਕ
ਮਾਨਸਾ, 19 ਫਰਵਰੀ
ਰੁਲਦੂ ਸਿੰਘ ਮਾਨਸਾ ਸਮੇਤ ਕਿਸਾਨ ਆਗੂਆਂ, ਕਲਾਕਾਰਾਂ ਅਤੇ ਨੌਜਵਾਨਾਂ ਨੂੰ ਲਾਲ ਕਿਲੇ ਦੀ ਘਟਨਾ ਨਾਲ ਜੋੜਨ ਦੀ ਪੰਜਾਬ ਕਿਸਾਨ ਯੂਨੀਅਨ ਨੇ ਨਿਖੇਧੀ ਕੀਤੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਅਨੇਕਾਂ ਸਾਜਿ਼ਸ਼ਾਂ ਰਚੀਆਂ ਹਨ ਜੋ ਹਮੇਸ਼ਾਂ ਹੀ ਫੇਲ੍ਹ ਹੋਈਆਂ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਵੀ ਸਰਕਾਰ ਨੇ ਲਾਲ ਕਿਲੇ ਵਾਲੀ ਘਟਨਾ ਲਈ ਪਹਿਲਾਂ ਸਾਜਿ਼ਸ਼ ਰਚੀ ਸੀ ਅਤੇ ਪੁਲੀਸ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਤੈਅ ਕੀਤੇ ਰੂਟਾਂ ’ਤੇ ਪੁਲੀਸ ਨੇ ਬੈਰੀਕੇਡ ਲਾ ਕੇ ਉਹ ਰਸਤੇ ਬੰਦ ਕੀਤੇ ਅਤੇ ਲੋਕਾਂ ਨੂੰ ਲਾਲ ਕਿਲੇ ਵਾਲੇ ਰਸਤੇ ਤੋਰਿਆ। ਇੰਜ 26 ਜਨਵਰੀ ਦੀ ਘਟਨਾ ਨੂੰ ਅੰਜਾਮ ਦਿਵਾਇਆ। ਇਸ ਦੀ ਆੜ ਵਿੱਚ ਹੁਣ ਸਰਕਾਰ ਝੂਠੀਆਂ ਫੋਟੋਆਂ ਜਾਰੀ ਕਰਕੇ ਕਿਸਾਨ ਆਗੂਆਂ ਨੂੰ ਫਸਾਉਣ ਲਈ ਨਵੀਂ ਸਾਜਿ਼ਸ਼ ਘੜ ਰਹੀ ਹੈ। ਉਨ੍ਹਾਂ ਕਿਹਾ ਕਿ ਰੁਲਦੂ ਸਿੰਘ ਮਾਨਸਾ ਨੇ 26 ਜਨਵਰੀ ਦੀ ਪਰੇਡ ਵਾਲੇ ਦਿਨ ਟਿੱਕਰੀ ਬਾਰਡਰ ਤੋਂ ਮਾਰਚ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਤੈਅਸ਼ੁਦਾ ਰੂਟ ’ਤੇ ਹੀ ਗਏ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਲੋਕਾਂ ਨੇ ਅੰਦੋਲਨ ‘ਚ ਸ਼ਾਮਲ ਹੋ ਕੇ ਇਸ ਅੰਦੋਲਨ ਵਿੱਚ ਨਵੀਂ ਰੂਹ ਫੂਕੀ ਅਤੇ ਪੰਜਾਬੀਆਂ ਨੂੰ ਫਸਾਉਣ ਦੀ ਸਰਕਾਰ ਦੀ ਇਸ ਸਾਜਿਸ਼ ਨੂੰ ਨਾਕਾਮ ਕੀਤਾ।