ਟ੍ਰਿਬਿਊਨ ਨਿਊਜ਼ ਸਰਵਿਸ
ਅੰੰਮ੍ਰਿਤਸਰ, 18 ਅਪਰੈਲ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਭੇਜ ਕੇ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ ਪੁਰਾਤਨ ਗਲੀਆਂ ਅਤੇ ਹੈਰੀਟੇਜ ਸਟਰੀਟ ਦੀ ਸਾਂਭ-ਸੰਭਾਲ ਦੇ ਮੰਦੇ ਹਾਲ ਵੱਲ ਧਿਆਨ ਦਿਵਾਇਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਪਾਸੇ ਉਚੇਚਾ ਧਿਆਨ ਦੇਣ ਅਤੇ ਸਬੰਧਤ ਅਧਿਕਾਰੀਆਂ ਨੂੰ ਹੈਰੀਟੇਜ ਸਟਰੀਟ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਇਸ ਦੀ ਸਾਂਭ ਸੰਭਾਲ ਬਾਰੇ ਧਿਆਨ ਦੇਣ ਲਈ ਕਹਿਣ।
ਆਪਣੇ ਇਸ ਪੱਤਰ ਵਿੱਚ ਸ੍ਰੀ ਔਜਲਾ ਨੇ ਕਿਹਾ ਕਿ ਹੈਰੀਟੇਜ ਸਟਰੀਟ ਇਸ ਵੇਲੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵਧੇਰੇ ਖਿੱਚ ਦਾ ਕੇਂਦਰ ਹੈ। ਹਰਿਮੰਦਰ ਸਾਹਿਬ ਦਾ ਆਲਾ-ਦੁਆਲਾ ਸਦੀਆਂ ਪੁਰਾਣਾ ਇਲਾਕਾ ਹੈ ਅਤੇ ਇਸ ਦੀ ਮਹੱਤਤਾ ਰੋਮ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਇੱਥੇ ਹੈਰੀਟੇਜ ਸਟਰੀਟ ਬਣਾਈ ਗਈ ਸੀ, ਜਿਸ ਦੇ ਫੁਟਪਾਥਾਂ ’ਤੇ ਹੁਣ ਨਾਜਾਇਜ਼ ਕਬਜ਼ੇ ਹਨ, ਇੱਥੇ ਵਾਹਨਾਂ ਦੀ ਆਵਾਜਾਈ ਵੀ ਹੋ ਰਹੀ ਹੈ। ਇਥੇ ਲੱਗੇ ਮਾਰਬਲ ਦੀ ਸਾਫ਼-ਸਫ਼ਾਈ ਦੀ ਲੋੜ ਹੈ। ਇੱਥੇ ਸੈਲਾਨੀਆਂ ਦੀ ਵਧੇਰੇ ਆਮਦ ਹੋਣ ਕਾਰਨ ਗ਼ੈਰ-ਸਮਾਜੀ ਅਨਸਰਾਂ ਦੀ ਵੀ ਬਹੁਤਾਤ ਹੋ ਗਈ ਹੈ, ਜਿਨ੍ਹਾਂ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੱਡੀ ਰਕਮ ਖ਼ਰਚ ਕੇ ਸਾਰਾਗੜ੍ਹੀ ਪਾਰਕਿੰਗ ਬਣਾਈ ਗਈ ਹੈ ਪਰ ਇਸ ਦੇ ਬਾਵਜੂਦ ਇੱਥੇ ਵੱਡੀ ਗਿਣਤੀ ਵਿੱਚ ਵਾਹਨ ਬਾਹਰ ਖੜ੍ਹੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਮਾਰਗ ਦੀ ਸਾਂਭ-ਸੰਭਾਲ ਲਈ ਇੱਕ ਵਿਸ਼ੇਸ਼ ਸੈੱਸ (ਟੈਕਸ) ਵੀ ਰੱਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਹ ਵਿਰਾਸਤੀ ਮਾਰਗ ਸਾਂਭ-ਸੰਭਾਲ ਨਾ ਹੋਣ ਕਾਰਨ ਆਪਣੀ ਸ਼ਾਨੋ-ਸ਼ੌਕਤ ਗੁਆ ਰਿਹਾ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ।