ਦਵਿੰਦਰ ਪਾਲ
ਚੰਡੀਗੜ੍ਹ, 1 ਦਸੰਬਰ
ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਤੋਂ ਮੋਦੀ ਸਰਕਾਰ ਖਿਲਾਫ਼ ਬੁਲਾਰਿਆਂ ਦੀ ਸੁਰ ਹੋਰ ਵੀ ਤਿੱਖੀ ਹੋ ਗਈ ਹੈ। ਕਿਸਾਨ ਜਥੇਬੰਦੀਆਂ ਨੇ ਨਵੀਂ ਦਿੱਲੀ ਅਤੇ ਪੰਜਾਬ ’ਚ ਬਰਾਬਰ ਦੀ ਲਾਮਬੰਦੀ ਕਰਨ ਲਈ ਪਿੰਡਾਂ ਵਿੱਚ ਮਸ਼ਾਲ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਹਨ। ਸੂਬੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਪੈਟਰੋਲ ਪੰਪਾਂ ਸਮੇਤ ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ, ਟੌਲ ਪਲਾਜ਼ਿਆਂ ਅਤੇ ਰੇਲਵੇ ਸਟੇਸ਼ਨਾਂ ਦੇ ਪਾਰਕਾਂ ’ਚ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਭਾਜਪਾ ਦੇ ਆਈਟੀ ਸੈੱਲ ਵੱਲੋਂ ਕਿਸਾਨੀ ਅੰਦੋਲਨ ਨੂੰ ਵੱਖਵਾਦੀ ਤੇ ਫਿਰਕੂ ਰੰਗਤ ਦੇਣ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਭਾਜਪਾ ਦੀ ਹਰ ਚਾਲ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ’ਚ ਅੰਦੋਲਨ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਲਵੇ ਦੇ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਸਮੇਤ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਮਸ਼ਾਲ ਮਾਰਚ ਕੱਢ ਕੇ ਮੋਦੀ ਅਤੇ ਸਰਮਾਏਦਾਰ ਕਾਰਪੋਰੇਟਰਾਂ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਜਥੇ ਲਗਾਤਾਰ ਆਪਣੇ ਸਾਧਨਾਂ ਰਾਹੀਂ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਮੀਡੀਆ ਦਾ ਇਕ ਹਿੱਸਾ ਇਸ ਗੈਰ-ਸਿਆਸੀ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨੀ, ਨਕਸਲਵਾਦੀ, ਅਤਿਵਾਦੀ ਗਰਦਾਨ ਕੇ ਢਾਹ ਲਾਉਣਾ ਚਾਹੁੰਦਾ ਹੈ, ਪਰ ਦੇਸ਼ ਭਰ ਦੇ ਬੁੱਧੀਜੀਵੀ, ਲੇਖਕ, ਮੁਲਾਜ਼ਮ ਜਥੇਬੰਦੀਆਂ, ਜਨਤਕ ਜਥੇਬੰਦੀਆਂ ਦੇ ਜਾਗਰੂਕ ਲੋਕਾਂ ਕਰਕੇ ਸੰਘਰਸ਼ ਲੋਕ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਉੱਤੇ ਜ਼ੁਲਮ ਕਰ ਕੇ ਉਨ੍ਹਾਂ ਦੇ ਹੱਕ ਮਾਰਨ ਵਾਲੀ ਕੁੱਲ ਆਲਮ ਦੀ ਪਹਿਲੀ ਸਰਕਾਰ ਬਣ ਚੁੱਕੀ ਹੈ। ਭਾਜਪਾ ਸਰਕਾਰ ਨੇ ਕਿਸਾਨਾਂ ਦੇ ਨਾਲ ਹੋਰ ਸਾਰੇ ਕਿਰਤੀ ਲੋਕਾਂ ਨੂੰ ਦੋ ਡੰਗ ਦੀ ਰੋਟੀ ਖਾਣ ਤੋਂ ਵੀ ਸੱਖਣਾ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਏਪੀਐੱਮਸੀ (ਜ਼ਰੂਰੀ ਵਸਤਾਂ ਸੋਧ) ਬਿੱਲ ਆਉਣ ਦੇ ਨਾਲ ਜ਼ਖੀਰੇਬਾਜ਼ੀ ਵਧੇਗੀ ਅਤੇ ਸਾਰਾ ਅੰਨ ਭੰਡਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੇ ਬਾਵਜੂਦ ਇੱਥੇ ਵੀ ਸੰਘਰਸ਼ ਦੇ ਅਖਾੜੇ ਮਘਦੇ ਰਹਿਣਗੇ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਜਥੇਬੰਦੀ ਦੀ ਅਗਵਾਈ ’ਚ ਪੰਜਾਬ ਵਿੱਚੋਂ ਨੌਜਵਾਨਾਂ ਦੇ ਕਾਫ਼ਲਿਆਂ ਦਾ ਦਿੱਲੀ ਲਈ ਕੂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਗਏ ਕਿਸਾਨਾਂ ਦੇ ਹੌਸਲੇ ਤੇ ਜਜ਼ਬਾ ਪੂਰੀ ਤਰ੍ਹਾਂ ਕਾਇਮ ਹਨ। ਠੰਢ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਅਨੁਸ਼ਾਸਨ ਤਹਿਤ ਕਿਸਾਨ ਚੜ੍ਹਦੀ ਕਲਾ ’ਚ ਹਨ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਕਿਸਾਨਾਂ ਨੇ ਪਿੰਡਾਂ ਤੇ ਸੂਬਿਆਂ ਦੇ ਵਖਰੇਵੇਂ ਦੇ ਬਾਵਜੂਦ ਲੰਗਰ, ਸੌਣ ਥਾਵਾਂ ਦੀ ਸਾਂਝ ਬਣਾ ਕੇ ਸਦੀਵੀ ਜਮਾਤੀ ਏਕਤਾ ਦਾ ਪ੍ਰਗਟਾਵਾ ਕੀਤਾ ਹੈ।