ਰਵਿੰਦਰ ਰਵੀ
ਬਰਨਾਲਾ, 3 ਫਰਵਰੀ
ਜ਼ਿਲ੍ਹਾ ਬਰਨਾਲਾ ’ਚ ਲਗਪੱਗ ਦੋ ਦਹਾਕੇ ਤੋਂ ਕਾਂਗਰਸ ਦੀ ਸਿਆਸਤ ਦਾ ਧੁਰਾ ਰਹੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਇਸ ਵਾਰ ਟਿਕਟ ਕੱਟੇ ਜਾਣ ਨਾਲ ਵੱਡੀ ਉਥਲ-ਪੁਥਲ ਵੇਖਣ ਨੂੰ ਮਿਲ ਰਹੀ ਹੈ। ਭਦੌੜ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਨਾਲਾ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਬੇਟੇ ਮੁਨੀਸ਼ ਬਾਂਸਲ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਹਮੇਸ਼ਾ ਚਹਿਲ-ਪਹਿਲ ਦਾ ਕੇਂਦਰ ਰਹੀ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੀਆਂ ਰੌਣਕਾਂ ਗਾਇਬ ਹਨ। ਪਾਰਟੀ ਵੱਲੋਂ ਟਿਕਟ ਤੋਂ ਇਨਕਾਰ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਦਾ ਝੰਡਾ ਵੀ ਉਤਾਰ ਦਿੱਤਾ ਗਿਆ ਹੈ। ਪਿਛਲੇ ਪੰਜ ਸਾਲ ਹਲਕਾ ਇੰਚਾਰਜ ਦੇ ਤੌਰ ’ਤੇ ਵਿਚਰ ਰਹੇ ਢਿੱਲੋਂ ਨੇ ਨਵੇਂ ਘਟਨਾਕ੍ਰਮ ਵਿੱਚ ਹਾਲੇ ਤੱਕ ਕੋਈ ਸਪੱਸ਼ਟ ਫ਼ੈਸਲਾ ਨਹੀਂ ਲਿਆ ਹੈ। ਟਿਕਟ ਕੱਟੇ ਜਾਣ ਤੋਂ ਬਾਅਦ ਢਿੱਲੋਂ ਦੀ ਕੋਠੀ ਅੱਗੇ ਉਸ ਦੇ ਹਿਤੈਸ਼ੀਆਂ ਵੱਲੋਂ ਕੀਤੇ ਗਏ ਇੱਕਠ ’ਚ ਇਕਮਤ ਨਾਲ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਦਬਾਅ ਪਾਇਆ ਗਿਆ ਸੀ ਪਰ ਢਿੱਲੋਂ ਵੱਲੋਂ ਕੋਈ ਫ਼ੈਸਲਾ ਨਾ ਲੈਣ ਕਾਰਨ ਸਮਰਥਕਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਾਂਗਰਸ ’ਚ ਵੱਡੇ ਪੱਧਰ ’ਤੇ ਬਗਾਵਤ ਹੋਣ ਦਾ ਡਰ ਬਣਿਆ ਹੋਇਆ ਸੀ। ਇਸੇ ਦੌਰਾਨ ਕਾਂਗਰਸੀ ਉਮੀਦਵਾਰ ਮੁਨੀਸ਼ ਬਾਂਸਲ ਨੇ ਬਗਾਵਤ ਨੂੰ ਰੋਕਣ ਲਈ ਢਿੱਲੋਂ ਨਾਲ ਜੁੜੇ ਕਾਂਗਰਸੀ ਆਗੂਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਬਰਨਾਲਾ ਅੰਦਰ ਲੰਮੇਂ ਸਮੇਂ ਤੋਂ ਦੋ ਧੜੇ ਬਣੇ ਹੋਏ ਹਨ। ਢਿੱਲੋਂ ਦੇ ਵਿਰੋਧ ਦਾ ਮੁੱਢ ਤਾਂ ਬੀਤੇ ਵਰ੍ਹੇ ਹੋਈਆਂ ਕੌਂਸਲ ਚੋਣਾਂ ’ਚ ਵੀ ਦਿਖਿਆ ਸੀ, ਜਦੋਂ ਸ਼ਹਿਰ ਦੇ ਤਿੰਨ ਕਾਂਗਰਸੀ ਆਗੂਆਂ ਨੂੰ ਕਾਂਗਰਸ ਦੇ ਵੱਡੇ ਆਗੂ ਵੱਲੋਂ ਰਣਨੀਤੀ ਤਹਿਤ ਹਰਾਇਆ ਗਿਆ ਸੀ। ਢਿੱਲੋਂ ਵਿਰੋਧੀ ਧੜਾ ਇਸ ਵਾਰ ਉਨ੍ਹਾਂ ਦੀ ਟਿਕਟ ਕਟਵਾਉਣ ਲਈ ਬਹੁਤ ਸਰਗਰਮ ਸੀ।
ਜ਼ਿਲ੍ਹਾ ਕਾਂਗਰਸ ਦੀ ਅੰਦਰੂਨੀ ਗੁਟਬੰਦੀ ਦਾ ਫ਼ਾਇਦਾ ਮੁਨੀਸ਼ ਬਾਂਸਲ ਨੂੰ ਮਿਲਿਆ ਹੈ। ਹਾਲਾਂਕਿ ਢਿੱਲੋਂ ਧੜੇ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸ੍ਰੀ ਢਿੱਲੋਂ ਦੇ ਹੱਕ ਵਿੱਚ ਡਟ ਕੇ ਖੜੇ ਹੋਏ ਸਨ ਪਰ ਹਾਈਕਮਾਂਡ ਨਾਲ ਬਾਂਸਲ ਪਰਿਵਾਰ ਦੀ ਨਜ਼ਦੀਕੀ ਕਾਰਨ ਉਨ੍ਹਾਂ ਦੀ ਟਿਕਟ ਕੱਟੀ ਗਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਢਿੱਲੋਂ ਕਾਂਗਰਸ ਤੋਂ ਬਾਗੀ ਨਹੀਂ ਹੋਣਗੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਨਜ਼ਦੀਕੀ ਰਹੇ ਢਿੱਲੋਂ ਨੇ ਕੈਪਟਨ ਨਾਲ ਸਿਆਸੀ ਦੂਰੀ ਬਣਾ ਕੇ ਰੱਖੀ ਹੈ।