ਨਿੱਜੀ ਪੱਤਰ ਪ੍ਰੇਰਕ
ਖੰਨਾ, 8 ਦਸੰਬਰ
ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਬਿਲਡਿੰਗ ਐਂਡ ਅੰਡਰ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਵੱਲੋਂ ਰਜਿਸਟਰਡ ਉਸਾਰੀ ਕਿਰਤੀਆਂ ਦੇ ਬਣਦੇ ਲਾਭ ਚਾਰ ਸਾਲਾਂ ਤੋਂ ਜਾਰੀ ਨਾ ਕਰਨ ਖ਼ਿਲਾਫ਼ ਲੇਬਰ ਦਫ਼ਤਰ ਖੰਨਾ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਵੈੱਲਫੇਅਰ ਬੋਰਡ ਦਾ ਕੰਮ ਕਿਰਤੀਆਂ ਨੂੰ ਬਣਦੇ ਲਾਭ ਜਾਰੀ ਕਰਨਾ ਹੈ ਪਰ ਬੋਰਡ ਨੇ ਚਾਰ ਸਾਲਾਂ ਤੋਂ ਕਿਰਤੀਆਂ ਵੱਲੋਂ ਐਕਸਗ੍ਰੇਸ਼ੀਆ, ਵਜੀਫ਼ਾ, ਸ਼ਗਨ ਸਕੀਮ, ਸਸਕਾਰ, ਮੈਡੀਕਲ ਤੇ ਪੈਨਸ਼ਨ ਆਦਿ ਸਕੀਮਾਂ ਦੇ ਵੇਰਵੇ ਇਤਰਾਜ਼ ਲਾ ਕੇ ਮਜ਼ਦੂਰਾਂ ਨੂੰ ਬਣਦੇ ਲਾਭਾਂ ਤੋਂ ਦੂਰ ਕੀਤਾ ਹੋਇਆ ਹੈ।
ਇਸ ਮੌਕੇ ਚਰਨਜੀਤ ਸਿੰਘ, ਕੁਲਵਿੰਦਰ ਕੌਰ, ਕੈਪਟਨ ਨੰਦ ਲਾਲ ਨੇ ਬੋਰਡ ਦੀ ਕਾਰਗੁਜ਼ਾਰੀ ਦੀ ਨਿਖੇਧੀ ਕਰਦਿਆਂ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਰਤੀਆਂ ਨੇ ਮਸਲਿਆਂ ’ਤੇ ਗ਼ੌਰ ਨਾ ਕੀਤਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹਰਜੀਤ ਰਸੂਲੜਾ, ਲਖਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਕੌਰ, ਭਜਨ ਕੌਰ ਆਦਿ ਹਾਜ਼ਰ ਸਨ।