ਪੱਤਰ ਪ੍ਰੇਰਕ
ਰਾਜਪੁਰਾ, 6 ਜਨਵਰੀ
ਹਰਿਆਣਾ ਦੇ ਸਿਹਤ ਵਿਭਾਗ ਦੀ ਟੀਮ ਨੇ ਇਥੋਂ ਦੇ ਸਿਵਲ ਹਸਪਤਾਲ ਦੇ ਬੇਆਬਾਦ ਕੁਆਰਟਰਾਂ ਵਿੱਚ ਲਿੰਗ ਜਾਂਚ ਦਾ ਪਰਦਾਫਾਸ਼ ਕਰਕੇ ਅਲਟਰਾਸਾਊਂਡ ਮਸ਼ੀਨ ਤੇ ਵਰਤੋਂ ਵਿੱਚ ਆਉਣ ਵਾਲੇ ਹੋਰ ਸਮਾਨ ਸਮੇਤ ਹਜਾਰਾਂ ਰੁਪਏ ਦੀ ਨਗਦੀ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੋਂ ਦੇ ਏਪੀਜੈਨ ਸਿਵਲ ਹਸਪਤਾਲ ’ਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਹਰਿਆਣਾ ਦੇ ਡਿਪਟੀ ਸਿਵਲ ਸਰਜਨ ਸ਼ੀਨੂ ਚੌਧਰੀ ਨੇ ਦੱਸਿਆ ਕਿ ਕਰਨਾਲ ਦੇ ਸਿਵਲ ਸਰਜਨ ਡਾ. ਯੋਗੇਸ਼ ਸ਼ਰਮਾ ਨੂੰ ਸੂਚਨਾ ਮਿਲੀ ਸੀ ਕਿ ਰਾਜਪੁਰਾ ’ਚ ਗੈਰਕਾਨੂੰਨੀ ਲਿੰਗ ਜਾਂਚ ਕੀਤੀ ਜਾਂਦੀ ਹੈ। ਜਿਸ ਦਾ ਪਾਰਦਾਫਾਸ਼ ਕਰਨ ਲਈ ਡਾ. ਯੋਗੇਸ਼ ਸ਼ਰਮਾ ਨੇ ਤਿੰਨ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਤੇ ਅੱਜ ਸਵੇਰੇ ਫਰਜ਼ੀ ਗਾਹਕ ਨਾਲ ਰਾਜਪੁਰਾ ਪੁੱਜੇ ਤੇ ਇਸ ਸਬੰਧੀ ਸਿਵਲ ਸਰਜਨ ਪਟਿਆਲਾ ਨੂੰ ਵੀ ਸੂਚਿਤ ਕੀਤਾ ਗਿਆ। ਜਿਸ ’ਤੇ ਸਿਵਲ ਸਰਜਨ ਪਟਿਆਲਾ ਵੱਲੋਂ ਹਰਿਆਣਾ ਦੀ ਟੀਮ ਦੀ ਟੀਮ ਦਾ ਸਹਿਯੋਗ ਕਰਨ ਲਈ ਤਿੰਨ ਡਾਕਟਰਾਂ ’ਤੇ ਆਧਾਰਤ ਟੀਮ ਦਾ ਗਠਨ ਕੀਤਾ ਗਿਆ। ਜਿਵੇਂ ਹੀ ਮੁਖਬਰ ਦੇ ਕਹਿਣ ’ਤੇ ਫਰਜ਼ੀ ਗਾਹਕ ਸਰਕਾਰੀ ਹਸਪਤਾਲ ਕੁਆਰਟਰ ਵਿੱਚ ਪਹੁੰਚਿਆਂ ਤੇ ਉਸ ਨੇ ਤੈਅ ਕੀਤੇ ਗਏ ਪੈਸੇ ਵਸੂਲ ਲਏ। ਡਾ. ਚੌਧਰੀ ਨੇ ਦੱਸਿਆ ਕਿ ਫਰਜ਼ੀ ਗਾਹਕ ਅਲਟਰਾਸਾਊਂਡ ਸਬੰਧੀ ਕੁਆਟਰ ਵਿੱਚੋਂ ਪਲ ਪਲ ਦੀ ਜਾਣਕਾਰੀ ਦੇ ਰਿਹਾ ਸੀ। ਉਸ ਦੀ ਸੂਚਨਾ ’ਤੇ ਹਸਪਤਾਲ ਦੇ ਬਾਹਰ ਮੌਜੂਦ ਸਿਹਤ ਵਿਭਾਗ ਦੀ ਟੀਮ ਨੇ ਸਬੰਧਤ ਹਸਪਤਾਲ ’ਚ ਛਾਪਾ ਮਾਰ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਥੋਂ ਪੋਰਟੇਬਲ ਮਸ਼ੀਨ, ਜੈਲੀ ਤੇ ਅਲਟਰਾਸਾਊਂਡ ’ਚ ਵਰਤੋਂ ਵਿੱਚ ਆਉਣ ਵਾਲੇ ਸਾਮਾਨ ਤੋਂ ਇਲਾਵਾ ਇੱਕ ਵਿਅਕਤੀ ਕੋਲੋਂ 24 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ। ਫੜੇ ਗਏ ਵਿਅਕਤੀਆਂ ਵਿੱਚ ਅੰਬਾਲਾ ਵਾਸੀ ਸੋਨੂੰ ਬਜਾਜ, ਸਿਹਤ ਵਿਭਾਗ ਦਾ ਇੱਕ ਦਰਜਾ ਚਾਰ ਕਰਮਚਾਰੀ ਸ਼ਾਮਲ ਹੈ। ਡਾ. ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅਲਟਰਾਸਾਊਂਡ ਕਰਵਾਉਣ ਵਾਲੇ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਸਿਹਤ ਵਿਭਾਗ ਹਰਿਆਣਾ ਦੇ ਕਰਨਾਲ ਤੇ ਪਟਿਆਲਾ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਸਿਵਲ ਹਸਪਤਾਲ ਰਾਜਪੁਰਾ ਦੇ ਕੁਆਟਰਾਂ ’ਚ ਗੈਰਕਾਨੂੰਨੀ ਲਿੰਗ ਜਾਂਚ ਕਰਨ ਬਾਰੇ ਛਾਪਾਮਾਰੀ ਕੀਤੀ ਗਈ।