ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 22 ਸਤੰਬਰ
ਇਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਜ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨਾਲ ਮੀਟਿੰਗ ਕਰਦੇ ਹੋਏ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਮੰਗ ਪੱਤਰ ਸੌਂਪਿਆ। ਡਿਪਟੀ ਕਮਿਸ਼ਨਰ ਨੇ ਕਿਸਾਨ ਆਗੂਆਂ ਨੂੰ ਮੰਗਾਂ ਦੇ ਹੱਲ ਲਈ ਵਿਸ਼ਵਾਸ ਦਵਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਡੀਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਚੀਨੀ ਵਾਇਰਸ ਦੀ ਮਾਰ ਨਾਲ ਝੋਨੇ ਦੀ ਖਰਾਬ ਹੋਈ ਫ਼ਸਲ ਅਤੇ ਲੰਪੀ ਸਕਿਨ ਨਾਲ ਪਸ਼ੂਆਂ ਦੀ ਮੌਤ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਰਕਾਰ ਤੁਰੰਤ ਸਾਰਥਕ ਕਦਮ ਚੁੱਕੇ। ਕਣਕ ਦੀ ਬਿਜਾਈ ਲਈ ਸਰਕਾਰ ਡੀਏਪੀ. ਖਾਦ ਦਾ ਅਗੇਤਾ ਪ੍ਰਬੰਧ ਕਰੇ ਅਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸਾਨਾਂ ਨੂੰ ਦੋ ਸੌ ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਗੁੱਜਰਾਂ ਵੱਲੋਂ ਚਰਾਏ ਜਾ ਰਹੇ ਪਸ਼ੂ ਜੋ ਫਸਲਾਂ ਅਤੇ ਛੋਟੇ ਪੌਦਿਆਂ ਦਾ ਨੁਕਸਾਨ ਕਰਦੇ ਹਨ ਇਸ ਸਮੱਸਿਆ ਤੋਂ ਕਿਸਾਨਾਂ ਨੂੰ ਨਿਜਾਤ ਦਿਵਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।