ਅਧਿਆਪਕ ਜਥੇਬੰਦੀਆਂ ਦੀ ਅਸਫ਼ਲਤਾ
23 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਨੇ ਆਪਣੇ ਲੇਖ ‘ਤਲਾਸ਼ ਜਾਰੀ ਹੈ…’ ਵਿਚ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਦੇ ਸੁਧਾਰ ਲਈ ਕੋਈ ਠੋਸ ਕਦਮ ਚੁੱਕਣ ਵਿਚ ਰਹੀ ਅਸਫ਼ਲਤਾ ਦਾ ਅਹਿਮ ਮੁੱਦਾ ਚੁੱਕਿਆ ਹੈ। ਕੁਝ ਕੁ ਅਧਿਆਪਕ ਆਗੂ ਭਾਵੇਂ ਖ਼ੁਦ ਚੰਗਾ ਪੜ੍ਹਾ ਕੇ ਵਿਅਕਤੀਗਤ ਸੰਤੁਸ਼ਟੀ ਲੈ ਰਹੇ ਸਨ ਪਰ ਸਮੁੱਚੇ ਅਧਿਆਪਕ ਵਰਗ ਨੂੰ ਇਸ ਪਾਸੇ ਚੇਤਨ ਕਰਨ, ਪੜ੍ਹਾਉਣ ਵਿਧੀਆਂ ਸੁਧਾਰਨ ਜਾਂ ਬੱਚਿਆਂ ਦਾ ਚੰਗਾ ਸ਼ਖ਼ਸੀ ਵਿਕਾਸ ਕਿਵੇਂ ਕੀਤਾ ਜਾਵੇ, ਇਨ੍ਹਾਂ ਮੁੱਦਿਆਂ ਪ੍ਰਤੀ ਅਧਿਆਪਕ ਜਥੇਬੰਦੀਆਂ ਲਾਪ੍ਰਵਾਹ ਹੀ ਰਹੀਆਂ ਹਨ। ਹਾਂ, ਕਦੇ ਕਦਾਈਂ ਇਕ ਅੱਧ ਰਸਮੀ ਸੈਮੀਨਾਰ ਜ਼ਰੂਰ ਕਰਵਾ ਲਿਆ ਜਾਂਦਾ ਸੀ, ਉੱਥੇ ਵੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਤੋਂ ਇਲਾਵਾ ਅਧਿਆਪਕਾਂ ਦੇ ਕਰਨ ਲਈ ਕੋਈ ਠੋਸ ਕਾਰਜ ਨਹੀਂ ਕੱਢੇ ਜਾਂਦੇ ਸਨ। ਇਹ ਰੁਝਾਨ ਅੱਜ ਵੀ ਉਸੇ ਰੂਪ ਵਿਚ ਜਾਰੀ ਹੈ। ਚੰਗਾ ਲੱਗਿਆ ਕਿ ਅਧਿਆਪਕ ਜਥੇਬੰਦੀ ਦੇ ਇਕ ਮੁੱਖ ਆਗੂ ਰਹੇ ਸ਼ਖ਼ਸ ਨੇ ਟਰੇਡ ਯੂਨੀਅਨਵਾਦ ਦੀ ਇਸ ਕਮਜ਼ੋਰੀ ਨੂੰ ਮੰਨਿਆ ਹੈ ਅਤੇ ਇਸ ਪ੍ਰਤੀ ਫ਼ਿਕਰਮੰਦੀ ਦਿਖਾਈ ਹੈ।
ਰਾਜਪਾਲ ਸਿੰਘ, ਬਠਿੰਡਾ
ਯਾਦਾਂ ਦੀ ਕਿਣਮਿਣ
22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਲੇਖ ‘ਪਤਝੜ ਨੂੰ ਮਾਤ’ ਪੜ੍ਹਿਆ। ਯਾਦਾਂ ਦੀ ਕਿਣਮਿਣ ਵਿਚ ਆਪਣੀ ਸੋਹਣੀ ਸੂਰਤ ਅਤੇ ਸੀਰਤ ਵਾਲੀ ਦਾਦੀ ਨੂੰ ਯਾਦ ਕਰਦਿਆਂ ਅਜਿਹੀ ਔਰਤ ਦੇ ਕਿਰਦਾਰ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾਇਆ ਹੈ ਜਿਸ ਨੇ ਜ਼ਿੰਦਗੀ ਦੇ ਥਪੇੜੇ ਤੇ ਆਪਣਿਆਂ ਦੀ ਬੇਰੁਖ਼ੀ ਸਹਿੰਦਿਆਂ, ਮਿਹਨਤ ਦਾ ਪੱਲਾ ਫੜਦੇ ਹੋਏ ਮਾਂ ਦੀ ਭੂਮਿਕਾ ਬਾਖ਼ੂਬੀ ਨਿਭਾਈ। ਦ੍ਰਿੜ੍ਹਤਾ, ਹੌਸਲੇ ਤੇ ਵਿਸ਼ਵਾਸ ਨਾਲ ਜ਼ਿੰਦਗੀ ਨਾਲ ਜੂਝਣ ਦਾ ਸਬਕ ਵੀ ਇਸ ਲੇਖ ਵਿਚ ਹੈ।
ਕੁਲਮਿੰਦਰ ਕੌਰ, ਮੁਹਾਲੀ
(2)
‘ਪਤਝੜ ਨੂੰ ਮਾਤ’ ਵਿਚ ਲੇਖਕ ਨੇ ਅਜਿਹੀ ਸ਼ਖ਼ਸੀਅਤ ਦੀਆਂ ਗੱਲਾਂ ਸੁਣਾਈਆਂ ਹਨ ਜਿਹੜੀ ਬਹਾਦਰੀ ਨਾਲ ਮੁਸੀਬਤਾਂ ਦਾ ਮੁਕਾਬਲਾ ਕਰਦੀ ਹੈ ਤਾਂ ਜੋ ਬੱਚਿਆਂ ਨੂੰ ਕੋਈ ਆਂਚ ਨਾ ਆਵੇ। ਮਾਂ ਦੇ ਰੂਪ ਵਿਚ ਉਸ ਨੇ ਕਦੇ ਵੀ ਬੱਚਿਆਂ ਅੱਗੇ ਦੁੱਖ ਨਾ ਫ਼ਰੋਲੇ ਤਾਂ ਜੋ ਉਨ੍ਹਾਂ ਦੇ ਮਨ ਉੱਪਰ ਕੋਈ ਬੋਝ ਨਾ ਪਵੇ। ਇਸੇ ਕਰ ਕੇ ਅਜਿਹੇ ਸ਼ਖ਼ਸ ਸਮਾਜ ਲਈ ਮਿਸਾਲ ਬਣ ਜਾਂਦੇ ਹਨ।
ਨਵਜੀਤ ਕੌਰ, ਈਮੇਲ
(3)
ਲੇਖ ‘ਪਤਝੜ ਨੂੰ ਮਾਤ’ ਹੌਸਲੇ ਅਤੇ ਸਿਦਕ ਦੀ ਮਿਸਾਲ ਪੈਦਾ ਕਰਦਾ ਹੈ। ਇਸ ਦੀ ਪਾਤਰ ਬਸੰਤ ਕੌਰ ਆਪਣਾ ਜੀਵਨ ਦੁੱਖਾਂ ਵਿਚ ਬਿਤਾਇਆ ਪਰ ਪਰਿਵਾਰ ਦੀ ਪਤਝੜ ਨੂੰ ਸਿਰੜ ਨਾਲ ਮਨਫ਼ੀ ਕਰ ਦਿੱਤਾ। ਇਹ ਰਚਨਾ ਪ੍ਰੇਰਦੀ ਹੈ ਕਿ ਸਮਾਜ ਅੰਦਰ ਸਮੱਸਿਆ ਦਾ ਹੱਲ ਅਸੰਭਵ ਨਹੀਂ, ਸੰਭਵ ਹੈ ਪਰ ਦੇਰ ਸਵੇਰ ਹੋ ਸਕਦੀ ਹੈ। ਬਸੰਤ ਕੌਰ ਦਾ ਸੰਘਰਸ਼ ਜ਼ਿੰਦਗੀ ਦੀਆਂ ਹਨੇਰੀਆਂ ਰਾਤਾਂ ਨੂੰ ਰੋਸ਼ਨੀ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ। ਅਜਿਹੀਆਂ ਔਰਤਾਂ ਆਪਣੀ ਸੂਝ-ਬੂਝ ਨਾਲ ਪਰਿਵਾਰ ਅਤੇ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਹਨ।
ਬਲਜੀਤ ਸਿੰਘ ਘੁੰਮਣ, ਈਮੇਲ
ਗਿਆਨੀ ਦਿੱਤ ਸਿੰਘ ਬਾਰੇ ਤੱਥ
21 ਅਪਰੈਲ ਨੂੰ ਵਿਰਾਸਤ ਪੰਨੇ ਉੱਤੇ ਡਾ. ਹਰਦੀਪ ਸਿੰਘ ਝੱਜ ਦਾ ਲੇਖ ‘ਸਿੰਘ ਸਭਾ ਲਹਿਰ ਦੇ ਆਗੂ ਗਿਆਨੀ ਦਿੱਤ ਸਿੰਘ’ ਪੜ੍ਹਿਆ। ਉਹ ਮਹਾਨ ਵਿਦਵਾਨ ਹੋਣ ਦੇ ਨਾਲ ਨਾਲ ਮਹਾਨ ਯੋਧੇ ਵੀ ਸਨ ਜਿਨ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚੋਂ ਪੱਥਰ ਮੂਰਤੀਆਂ ਅਤੇ ਖੇਮ ਸਿੰਘ ਬੇਦੀ ਵਰਗੇ ਲੋਕਾਂ ਨੂੰ ਬਾਹਰ ਸੁੱਟਿਆ। ਡਾ. ਹਰਦੀਪ ਸਿੰਘ ਝੱਜ ਅਨੁਸਾਰ 1904 ਵਿਚ ਉਨ੍ਹਾਂ ਫਿਰੋਜ਼ਪੁਰ ਕੰਨਿਆ ਮਹਾਵਿਦਿਆਲਾ ਸਥਾਪਤ ਕੀਤਾ ਜਦਕਿ ਇਸ ਤੋਂ ਪਹਿਲਾਂ ਹੀ ਉਹ 6 ਸਤੰਬਰ 1901 ਨੂੰ ਅਕਾਲ ਚਲਾਣਾ ਕਰ ਗਏ। ਠੀਕ ਕੀ ਹੈ?
ਗੁਰਮੁਖ ਸਿੰਘ ਪੋਹੀੜ, ਲੁਧਿਆਣਾ
*ਫਿਰੋਜ਼ਪੁਰ ਵਿਚ ਸਿੱਖ ਕੰਨਿਆ ਮਹਾਵਿਦਿਆਲਾ ਗਿਆਨੀ ਦਿੱਤ ਸਿੰਘ ਦੇ ਸ਼ਾਗਿਰਦ ਭਾਈ ਤਖ਼ਤ ਸਿੰਘ ਨੇ 1904 ਵਿਚ ਸਥਾਪਤ ਕੀਤਾ ਸੀ।
ਰਾਹ ਦਿਸੇਰਾ
20 ਅਪਰੈਲ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਝੋਰਾ’ ਪੜ੍ਹਿਆ। ਮਨੁੱਖ ਨੂੰ ਗ਼ਲਤੀ ਦਾ ਅਹਿਸਾਸ ਉਸ ਨੂੰ ਕੁੰਦਨ ਬਣਾ ਦਿੰਦਾ ਹੈ। ਲੇਖਕ ਨੇ ਸਿਕੰਦਰ ਵੱਲੋਂ ਆਪਣੀ ਗਾਥਾ ਸੁਣਾਉਣਾ ਅਤੇ ਮਾਂ ਨੂੰ ਸਤਾਉਣ ਦਾ ਝੋਰਾ ਮਨ ਭਾਵੁਕ ਕਰਨ ਵਾਲਾ ਰਾਹ ਦਿਸੇਰਾ ਲੇਖ ਲਿਖਿਆ ਹੈ।
ਸਰਗਮ ਰੌਂਤਾ, ਮੋਗਾ
ਹੋਣਹਾਰ ਵਿਦਿਆਰਥੀ
17 ਅਪਰੈਲ ਨੂੰ ਵਿਜੈ ਕੁਮਾਰ ਦਾ ਮਿਡਲ ‘ਡਾਕਟਰ ਕੁੜੀ ਵਾਲਾ ਪੌਦਾ’ ਪੜ੍ਹਿਆ। ਅਜਿਹੇ ਕਿੰਨੇ ਹੀ ਵਿਦਿਆਰਥੀ/ਬੱਚੇ ਹਨ ਜੋ ਪੜ੍ਹਾਈ ਵਿਚ ਹੋਣਹਾਰ ਹਨ ਅਤੇ ਅੱਗੇ ਵਧਣਾ ਚਾਹੁੰਦੇ ਹਨ ਪਰ ਆਪਣੇ ਘਰ ਦੇ ਆਰਥਿਕ ਹਾਲਾਤ ਕਰ ਕੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨਾਲ ਸਮਝੌਤਾ ਕਰਨਾ ਪੈਂਦਾ ਹੈ। ਲੱਖਾਂ ਵਿਚੋਂ ਕੁਝ ਲੋਕ ਹੀ ਹੁੰਦੇ ਹਨ ਜੋ ਇਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਸਾਹਮਣੇ ਆਉਂਦੇ ਹਨ। ਸਰਕਾਰਾਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਇਨ੍ਹਾਂ ਲੋੜਵੰਦ ਅਤੇ ਹੋਣਹਾਰ ਬੱਚਿਆਂ ਦੀ ਮਦਦ ਲਈ ਕਦਮ ਚੁੱਕਣੇ ਚਾਹੀਦੇ ਹਨ।
ਲਵਨੀਤ ਵਸ਼ਿਸ਼ਠ, ਮੋਰਿੰਡਾ
(2)
ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਡਾਕਟਰ ਕੁੜੀ ਵਾਲਾ ਪੌਦਾ’ ਭਾਵੁਕ ਕਰਦਾ ਹੈ। ਹਰ ਬੱਚੇ ਦੀ ਬੌਧਿਕ ਯੋਗਤਾ ਅਤੇ ਉਸ ਨੂੰ ਮਿਲੀ ਅਗਵਾਈ ਅਸਮਾਨ ਤੋਂ ਤਾਰੇ ਤੋੜ ਲਿਆਉਂਦੀ ਹੈ।
ਤੇਜਾ ਸਿੰਘ, ਰੌਂਤਾ (ਮੋਗਾ)
(3)
ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਡਾਕਟਰ ਕੁੜੀ ਵਾਲਾ ਪੌਦਾ’ ਮਨ ਅੰਦਰ ਆਤਮ-ਵਿਸ਼ਵਾਸ ਭਰਨ ਵਾਲਾ ਹੈ। ਸੱਚ ਹੀ ਕਿਹਾ ਹੈ ਕਿ ਜੇਕਰ ਮਾਲੀ ਆਪਣੇ ਪੌਦੇ ਨੂੰ ਪਾਲ਼ਦਾ ਹੈ ਤਾਂ ਉਹ ਵੱਡਾ ਹੋ ਕੇ ਫਲ ਜ਼ਰੂਰ ਦਿੰਦਾ ਹੈ। ਅੱਜ ਤਕ ਜਿਹੜਾ ਵੀ ਗੁਰੂ ਦੇ ਲੜ ਲੱਗਿਆ ਹੈ, ਉਸ ਨੂੰ ਆਪਣੇ ਜੀਵਨ ਵਿਚ ਸਫ਼ਲਤਾ ਮਿਲੀ ਹੈ। ਇਸ ਤੋਂ ਬਿਨਾਂ ਇਰਾਦੇ ਮਜ਼ਬੂਤ ਹੋਣ ਤਾਂ ਮੁਸ਼ਕਿਲਾਂ, ਪ੍ਰੇਸ਼ਾਨੀਆਂ ਵੀ ਬੰਦੇ ਨੂੰ ਹਾਲਾਤ ਨਾਲ ਲੜਨਾ ਸਿਖਾ ਦਿੰਦੀਆਂ ਹਨ।
ਸ਼ਾਹਰੁਖ ਖਾਨ, ਬਨੂੜ
(4)
ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਡਾਕਟਰ ਕੁੜੀ ਦਾ ਪੌਦਾ’ ਨੇ ਝੰਜੋੜ ਸੁੱਟਿਆ। ਸਾਡਾ ਸਮਾਜ ਤਰੱਕੀ ਪੱਖੋਂ ਇੰਨਾ ਅੱਗੇ ਵਧ ਰਿਹਾ ਹੈ ਪਰ ਅੱਜ ਵੀ ਕੁਝ ਬੱਚੇ ਗ਼ਰੀਬੀ ਦੇ ਭਾਰ ਕਾਰਨ ਪੜ੍ਹ ਵੀ ਨਹੀਂ ਸਕਦੇ। ਸਮਾਜ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਗਗਨਦੀਪ ਸਿੰਘ, ਫਤਹਿਗੜ੍ਹ ਸਾਹਿਬ