ਬਹਾਦਰ ਰੂਸੀ ਨਾਗਰਿਕ ਅਤੇ ਨੈਤਿਕ ਕਦਰਾਂ-ਕੀਮਤਾਂ
ਰੂਸ ਦੇ ਯੂਕਰੇਨ ਉੱਤੇ ਹਮਲੇ ਬਾਰੇ ਵੱਖ ਵੱਖ ਤਰ੍ਹਾਂ ਦੇ ਹੁੰਗਾਰੇ ਸਾਹਮਣੇ ਆਏ ਹਨ ਪਰ ਇਸ ਬਾਬਤ ਇਕ ਹੁੰਗਾਰਾ ਬੇਮਿਸਾਲ ਹੈ। ਇਹ ਹੁੰਗਾਰਾ ਉਨ੍ਹਾਂ ਬਹਾਦਰ ਅਤੇ ਸਿਆਣੇ ਰੂਸੀ ਨਾਗਰਿਕਾਂ ਦਾ ਹੈ ਜਿਹੜੇ ਆਪਣਾ ਸਾਰਾ ਕੁਝ ਦਾਅ ਉੱਤੇ ਲਾ ਕੇ ਪੂਤਿਨ ਦੀ ਜੰਗਬਾਜ਼ੀ ਖ਼ਿਲਾਫ਼ ਰੋਸ ਵਿਖਾਵੇ ਕਰ ਰਹੇ ਹਨ। ਇੰਗਲੈਂਡ ਅੰਦਰ ਜੰਗ ਵਿਰੋਧੀ ਵਿਸ਼ਾਲ ਵਿਖਾਵਾ ਉਸ ਵਕਤ ਹੋਇਆ ਸੀ ਜਦੋਂ ਇਰਾਕ ਉੱਤੇ ਅਮਰੀਕੀ ਹਮਲੇ ਦਾ ਇੰਗਲੈਂਡ ਦੀ ਬਲੇਅਰ ਸਰਕਾਰ ਨੇ ਸਮਰਥਨ ਕੀਤਾ ਸੀ। ਇਹ ਇੰਗਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਿਖਾਵਾ ਸੀ ਜਿਸ ਵਿਚ 20 ਲੱਖ ਲੋਕਾਂ ਨੇ ਸ਼ਿਰਕਤ ਕੀਤੀ ਸੀ। ਹੁਣ ਰੂਸੀ ਵਿਖਾਵਾਕਾਰੀਆਂ ਨੂੰ ਇਲਮ ਹੈ ਕਿ ਉਹ ਜੰਗ ਤਾਂ ਨਹੀਂ ਰੋਕ ਸਕਣਗੇ ਸਗੋਂ ਪੂਤਿਨ ਪ੍ਰਸ਼ਾਸਨ ਉਨ੍ਹਾਂ ਦੇ ਪਿੱਛੇ ਵੀ ਪੈ ਸਕਦਾ ਹੈ, ਫਿਰ ਵੀ ਇਨ੍ਹਾਂ ਬਹਾਦਰ ਲੋਕਾਂ ਨੇ ਰੋਸ ਵਿਖਾਵਾ ਕਰਨ ਦਾ ਰਾਹ ਚੁਣਿਆ। ਉਨ੍ਹਾਂ ਦਾ ਇਹ ਫ਼ੈਸਲਾ ਹੋਰ ਜੁਝਾਰੂ ਲੋਕਾਂ ਲਈ ਪ੍ਰੇਰਨਾ ਬਣੇਗਾ।
ਪ੍ਰੋ. ਪ੍ਰੀਤਮ ਸਿੰਘ, ਆਕਸਫੋਰਡ (ਯੂਕੇ)
ਭਾਰਤ ਦੀ ਭੂਮਿਕਾ
3 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਜੀ ਪਾਰਥਾਸਾਰਥੀ ਦਾ ਲੇਖ ‘ਆਲਮੀ ਨਿਜ਼ਾਮ ਸਾਹਮਣੇ ਪੂਤਿਨ ਦੀ ਚੁਣੌਤੀ’ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਵਿਚ ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਸਮਰਥਨ ਨੂੰ ਲੈ ਕੇ ਵਿਸ਼ਲੇਸ਼ਣ ਕਰਨ ਵਾਲਾ ਸੀ। ਭਾਰਤ ਵਰਗੇ ਨਿਰਪੱਖ ਦੇਸ਼ਾਂ ਨੂੰ ਸਮਝੌਤਾ ਕਰਵਾ ਕੇ ਲੜਾਈ ਬੰਦ ਕਰਾਉਣੀ ਚਾਹੀਦੀ ਹੈ। ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਸਿੱਖਿਆ ਅਤੇ ਸਵਾਲ
2 ਮਾਰਚ ਦੇ ਸਫ਼ਾ 10 ਉੱਤੇ ਖ਼ਬਰ ਛਪੀ ਹੈ- ‘ਨਵੀਂ ਪੀੜ੍ਹੀ ਭਾਰਤ ਦੇ ਅਤੀਤ ਦੀ ਸੱਭਿਆਚਾਰਕ ਵਿਰਾਸਤ ਦਾ ਸਬੂਤ ਮੰਗਦੀ ਹੈ: ਭਾਗਵਤ। ਇਹ ਕੇਵਲ ਖ਼ਬਰ ਨਹੀਂ, 21ਵੀਂ ਸਦੀ ਦੇ ਤੀਜੇ ਦਹਾਕੇ ਤੋਂ ਭਾਰਤ ਨੂੰ ਭਾਜਪਾ/ਆਰਐੱਸਐੱਸ ਕਿੱਧਰ ਲਿਜਾਣਾ ਚਾਹੁੰਦੀ ਹੈ, ਉਸ ਦੀ ਦਿਸ਼ਾ ਦੱਸਦੀ ਹੈ। ‘ਮੌਜੂਦਾ ਸਿੱਖਿਆ ਹਰ ਚੀਜ਼ ’ਤੇ ਸਵਾਲ ਉਠਾਉਣ ਲਈ ਪ੍ਰੇਰਦੀ ਹੈ’, ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਭਾਜਪਾ, ਸਿੱਖਿਆ ਨੀਤੀ ਵਿਚ ਅਜਿਹਾ ਕੁਝ ਕਰਨਾ ਚਾਹੁੰਦੀ ਹੈ ਜਿਸ ਨਾਲ ਸਾਡੀ ਸਿੱਖਿਆ ਲੰਗੜੀ ਹੋ ਜਾਏ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਚਾਈ
2 ਮਾਰਚ ਦਾ ਸੰਪਾਦਕੀ ‘ਜੰਗ ਦੀ ਕੀਮਤ’ ਸਚਾਈ ਬਿਆਨ ਕਰਦੀ ਹੈ। ਰੂਸ-ਯੂਕਰੇਨ ਜੰਗ ਦੋਹਾਂ ਦੇਸ਼ਾਂ ਦਾ ਜਾਨ ਮਾਲ ਦਾ ਨੁਕਸਾਨ ਕਰ ਰਹੀ ਹੈ। ਇਹ ਖ਼ਬਰਾਂ ਵੀ ਹਨ ਕਿ ਵਿਦਿਆਰਥੀਆਂ ਕੋਲ ਖਾਣ-ਪੀਣ ਤੇ ਹੋਰ ਜ਼ਰੂਰੀ ਸਮਾਨ ਦੀ ਲਗਾਤਾਰ ਤੋਟ ਆ ਰਹੀ ਹੈ। ਹਾਲਾਤ ਬਦ ਤੋਂ ਬਦਤਰ ਬਣ ਰਹੇ ਹਨ।
ਸੰਜੀਵ ਸਿੰਘ ਸੈਣੀ, ਮੁਹਾਲੀ
ਯੂਕਰੇਨ ਸੰਕਟ ਅਤੇ ਭਾਰਤ
2 ਮਾਰਚ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਸਰਕਾਰਾਂ ਦੀ ਨਾਲਾਇਕੀ ਕਾਰਨ ਭਾਰਤੀ ਵਿਦਿਆਰਥੀ ਅਤੇ ਨੌਜਵਾਨ ਸੰਕਟ ਵਿਚ ਹਨ। ਜੇ ਕੇਂਦਰ ਸਰਕਾਰ ਨੇ ਬੱਚਿਆਂ/ਨੌਜਵਾਨਾਂ ਦੇ ਰੁਜ਼ਾਗਰ ਤੇ ਪੜ੍ਹਾਈ ਦੇ ਸਾਧਨ ਭਾਰਤ ਵਿਚ ਪੈਦਾ ਕੀਤੇ ਹੁੰਦੇ ਤਾਂ ਇੰਨੀ ਗਿਣਤੀ ਵਿਚ ਭਾਰਤੀ ਨੌਜਵਾਨ ਤੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਸੀ। ਜਦੋਂ ਤਕ ਸਰਕਾਰਾਂ ਨੌਜਵਾਨਾਂ ਵੱਲ ਧਿਆਨ ਨਹੀਂ ਦਿੰਦੀਆਂ, ਬੱਚੇ ਇਸੇ ਤਰ੍ਹਾਂ ਕਿਸੇ ਨਾ ਕਿਸੇ ਸੰਕਟ ਵਿਚ ਫਸੇ ਰਹਿਣਗੇ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਭਾਈਚਾਰਕ ਸਾਂਝ
ਪਹਿਲੀ ਮਾਰਚ ਦੇ ਲੋਕ ਸੰਵਾਦ ਪੰਨੇ ’ਤੇ ਬੀਐੱਸ ਢਿੱਲੋਂ ਦਾ ਲੇਖ ‘ਕਿਉਂ ਨਾ ਸਾਰੇ ਹੀ ‘ਸਿੱਧਵਾਂ ਖੁਰਦ’ ਬਣ ਜਾਈਏ’ ਪੜ੍ਹਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵੋਟਾਂ ਦੇ ਸਮੇਂ ਦੌਰਾਨ ਸਾਡੀ ਭਾਈਚਾਰਕ ਸਾਂਝ ਟੁੱਟਦੀ ਹੈ ਤੇ ਲੜਾਈ/ਝਗੜੇ ਕਈ ਵਾਰ ਪੱਕੀ ਦੁਸ਼ਮਣੀ ਵਿਚ ਬਦਲ ਜਾਂਦੇ ਹਨ। ਜਿਨ੍ਹਾਂ ਲੀਡਰਾਂ ਲਈ ਲੋਕ, ਦੁਸ਼ਮਣੀਆਂ ਸਹੇੜ ਲੈਂਦੇ ਹਨ, ਉਹ ਮੁੜ ਕੇ ਉਨ੍ਹਾਂ ਦੀ ਸਾਰ ਵੀ ਨਹੀਂ ਲੈਂਦੇ ਜਿਸ ਤਰ੍ਹਾਂ ਪਿੰਡ ਸਿੱਧਵਾਂ ਖੁਰਦ ਮਸ਼ਾਲ ਬਣਿਆ ਹੈ, ਹਰ ਪਿੰਡ ਤੇ ਸ਼ਹਿਰ ਨੂੰ ਅਜਿਹਾ ਕਰਨਾ ਚਾਹੀਦਾ ਹੈ। ਪੋਲਿੰਗ ਬੂਥਾਂ ਦੀ ਲੋੜ ਹੀ ਨਹੀਂ। ਵੋਟ ਪਰਚੀ ਘਰ ਪਹੁੰਚ ਜਾਂਦੀ ਹੈ।
ਭੁਪਿੰਦਰ ਫ਼ੌਜੀ, ਪਿੰਡ ਭੀਖੀ (ਮਾਨਸਾ)
ਵਹਿਮ-ਭਰਮ
26 ਫਰਵਰੀ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਮਨੀ ਪਲਾਂਟ ਦੀ ਕਰਾਮਾਤ’ ਸੰਕੇਤ ਦਿੰਦਾ ਹੈ ਕਿ ਅੱਜ 21ਵੀਂ ਸਦੀ, ਭਾਵ ਵਿਗਿਆਨ ਦਾ ਯੁੱਗ ਹੋਣ ਦੇ ਬਾਵਜੂਦ ਕੁਝ ਲੋਕਾਂ ਦੇ ਮਨਾਂ ਅੰਦਰ ਵਹਿਮਾਂ-ਭਰਮਾਂ ਦਾ ਪਸਾਰਾ ਹੈ। ਦੇਖਾ-ਦੇਖੀ ਜਾਂ ਰੀਸੋ-ਰੀਸ ਬਿਨਾਂ ਸੋਚੇ-ਸਮਝੇ ਅਸੀਂ ਲਾਲਚ ਦੇ ਵਹਿਣ ਵਿਚ ਫਾਲਤੂ ਪਾਖੰਡ ਨੂੰ ਤਰਜੀਹ ਦੇ ਰਹੇ ਹਾਂ।
ਗੁਰਮੇਲ ਸਿੰਘ ਬਰਾੜ, ਬਠਿੰਡਾ
ਯੁੱਗ ਦਾ ਅੰਤ
25 ਫਰਵਰੀ ਦਾ ਸੰਪਾਦਕੀ ‘ਇਕ ਯੁੱਗ ਦਾ ਅੰਤ’ ਪੜ੍ਹਿਆ ਜੋ ਉੱਘੇ ਗਾਇਕ ਅਮਰਜੀਤ ਗੁਰਦਾਸਪੁਰੀ ਬਾਰੇ ਸੀ। ਲੋਕ ਸੰਘਰਸ਼ਾਂ ਦੇ ਰਾਹ ’ਤੇ ਤੁਰਦਿਆਂ ਉਸ ਨੂੰ ਸਾਹਿਤਕ ਚੇਟਕ ਲੱਗੀ। ਪੰਜਾਬੀ ਗਾਇਕੀ ਦੇ ਖੇਤਰ ਵਿਚ ਉਸ ਦੀ ਆਵਾਜ਼ ਵਿਚ ਪੰਜਾਬ ਦੇ ਦਰਿਆਵਾਂ ਦੀ ਰਵਾਨੀ ਤੇ ਧਰਤੀ ਦਾ ਦਰਦ ਝਲਕਦਾ ਸੀ। ਸੱਚਮੁੱਚ ਉਹ ਪੰਜਾਬ ਦੀ ਆਤਮਾ ਦੀ ਆਵਾਜ਼ ਸੀ।
ਗੁਰਸੇਵਕ ‘ਮਿੱਠਾ’, ਰਾਏਕੋਟ
ਵਿਅੰਗ ਬਾਣ
23 ਫਰਵਰੀ ਨੂੰ ਬਲਦੇਵ ਸਿੰਘ (ਸੜਕਨਾਮਾ) ਦਾ ਮਿਡਲ ‘ਜਦ ਸਭ ਮੁਫ਼ਤ ਹੋ ਰਿਹੈ’ ਵਧੀਆ ਵਿਅੰਗ ਹੈ। ਸਰਕਾਰਾਂ ਅਤੇ ਸਿਆਸੀ ਦਲ ਕਿਵੇਂ ਦਾਅ-ਪੇਚ ਲਗਾ ਕੇ ਵੋਟ ਮੰਗਦੇ ਹਨ, ਬਾਰੇ ਚੰਗਾ ਖੁਲਾਸਾ ਹੈ। 26 ਫਰਵਰੀ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਮਨੀ ਪਲਾਂਟ ਦੀ ਕਰਾਮਾਤ’ ਪੜ੍ਹਿਆ। ਵੱਖਰੇ ਤਰੀਕੇ ਨਾਲ ਲਿਖਿਆ ਹੈ। 25 ਫਰਵਰੀ ਵਾਲਾ ਮਿਡਲ ‘ਜਿਉਂਦੇ ਅਵਤਾਰ’ ਸਮਾਜਿਕ ਹਾਲਾਤ ਦਾ ਵਰਣਨ ਹੈ। ਅਜਿਹੇ ਲੋਕ ਸਨਮਾਨ ਦੇ ਹੱਕਦਾਰ ਹਨ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ
(2)
ਬਲਦੇਵ ਸਿੰਘ ਦਾ ਮਿਡਲ ‘ਜਦ ਸਭ ਮੁਫ਼ਤ ਹੋ ਰਿਹੈ…’ (23 ਫਰਵਰੀ) ਸਿੱਖਿਆਦਾਇਕ ਹੈ। ਇਸ ਵਾਰ ਸਿਆਸੀ ਪਾਰਟੀਆਂ ਦੇ ਚੋਣ ਮੈਨੀਫ਼ੈਸਟੋ ਇਸ ਤਰ੍ਹਾਂ ਦੇ ਤਿਆਰ ਕੀਤੇ ਜਿਸ ਵਿਚ ਮੁਫ਼ਤ ਦਾ ਲਾਲਚ ਸੀ। ਰੁਜ਼ਗਾਰ, ਸਿਹਤ, ਸਿੱਖਿਆ ਆਦਿ ਮੁੱਦਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਦੋਂ ਕਿ ਇਹ ਜ਼ਰੂਰੀ ਸਨ। ਨੌਜਵਾਨਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦਾ ਲਾਲਚ ਦਿੱਤਾ ਗਿਆ, ਇਕ ਦੂਸਰੇ ਤੋਂ ਵਧ ਕੇ ਐਲਾਨ ਕੀਤੇ ਗਏ। ਪਤਾ ਨਹੀਂ ਭੋਲੇ ਲੋਕ ਇੰਨੀ ਜਲਦੀ ਕਿਵੇਂ ਕਿਸਾਨੀ ਸੰਘਰਸ਼ ਨੂੰ ਭੁੱਲ ਗਏ?
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)