ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਜੂਨ
ਡੈਮੋਕਰੈਟਿਕ ਟੀਚਰ ਫਰੰਟ ਇਕਾਈ ਜਗਰਾਉਂ ਦੀ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਈਜੀਐੱਸ, ਟੀਐੱਸਆਰ, ਏਆਈਈ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਸ਼ਾਮਿਲ ਹੋਏ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਦਵਿੰਦਰ ਸਿੰਘ ਸਿੱਧੂ ਨੇ ਸਰਕਾਰ ਦੀ ਅਲੋਚਨਾਂ ਕਰਦੇ ਹੋਏ ਆਖਿਆ ਕਿ ਮੰਤਰੀਆਂ, ਸੰਤਰੀਆਂ ਅਤੇ ਵਜ਼ੀਰਾਂ ਦੇ ਪੁੱਤਰਾਂ ,ਪੋਤਿਆਂ ਤਾਂ ਲਈ ਬਿੰਨਾ ਕਿਸੇ ਟੈਸਟ ,ਯੋਗਤਾ ਦੇ ਰੁਜ਼ਗਾਰ ਖੁੱਲ੍ਹਾ ਹੈ। ਦੂਸਰੇ ਪਾਸੇ ਦੇਸ਼ ਦੀ ਨੌਜਵਾਨੀ ਅਤੇ ਪਿਛਲੇ 15 ਵਰ੍ਹਿਆਂ ਤੋਂ ਨਿਗੂਣੀਆਂ ਤਨਖਾਹਾਂ ਤੇ ਲੱਗੇ ਵਾਲੰਟੀਅਰ ਅਧਿਆਪਕਾਂ ਨੂੰ ਪੱਕੇ ਹੋਣ ਦਾ ਹੱਕ ਮੰਗਣ ’ਤੇ ਡਾਂਗਾ ਵਰ੍ਹਾਈਆਂ ਜਾਂਦੀਆ ਹਨ।
ਸਰਕਾਰ ਵੱਲੋਂ ਕੀਤੀ ਵਾਅਦਾਖ਼ਿਲਾਫੀ ਦੀ ਗੱਲ ਕਰਦਿਆਂ ਰਾਣਾ ਆਲਮਦੀਪ , ਸੁਖਦੇਵ ਹਠੂਰ, ਤੁਲਸੀ ਦਾਸ ਅਤੇ ਸੁਧੀਰ ਝਾਂਜੀ ਨੇ ਆਖਿਆ ਕਿ ਮੁਹਾਲੀ ਪੱਕਾ ਮੋਰਚਾ ਲਗਾਈ ਬੈਠੇ ਅਧਿਆਪਕ ਸਰਕਾਰ ਨੂੰ ਦਿਖਾਈ ਨਹੀਂ ਦੇ ਰਹੇ ਜਿੰਨਾਂ ਨਾਲ ਸੱਤਾ ’ਚ ਆਉਣ ਤੋਂ ਪਹਿਲਾਂ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਸੇਵਾ-ਮੁਕਤ ਅਧਿਆਪਕ ਆਗੂ ਜੋਗਿੰਦਰ ਆਜ਼ਾਦ ਨੇ ਆਪਣੇ ਸਘੰਰਸ਼ਾਂ ਦੇ ਤਜਰਬੇ ਸਾਂਝੇ ਕਰਦਿਆਂ ਆਖਿਆ ਕਿ ਸਰਕਾਰਾਂ ਨੇ ਕਦੇ ਸੌਖੇ ਹੱਕ ਨਹੀਂ ਦਿੱਤੇ। ਪਹਿਲਾਂ ਝੂਠੇ ਵਾਅਦੇ ਕਰਨੇ ਤੇ ਬਾਅਦ ’ਚ ‘ਆਪ’ ਮੁਲਾਜ਼ਮਾਂ ਨੂੰ ਸਘੰਰਸ਼ਾਂ ਦੇ ਰਾਹ ਪਾਉਣਾ ਸਰਕਾਰਾਂ ਦਾ ਕੰਮ ਰਿਹਾ ਹੈ। ਪੁੱਤਲਾ ਫੂੱਕਣ ਵੇਲੇ ਅਮਰਜੀਤ ਰਿੰਪੀ,ਕਰਮਜੀਤ ਕੌਰ ,ਬਲਜੀਤ ਕੌਰ , ਜੁਗਰਾਜ਼ ਸਿੰਘ,ਅਨੀਤਾ ਰਾਣੀ ਅਤੇ ਰਜਿੰਦਰ ਕੌਰ ਤੇ ਦੋ ਦਰਜ਼ਨ ਅਧਿਆਪਕਾਂ ਨੇ ਨਾਅਰੇਬਾਜੀ ਕੀਤੀ ।
ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਥੇ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਭਰ ਵਿੱਚ ਕਈ ਕਈ ਸਾਲਾਂ ਤੋਂ ਬਤੌਰ ਕੱਚੇ ਅਧਿਆਪਕ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਈਜੀਐੱਸ, ਐੱਸਟੀਆਰ ਏਆਈਈ ਤੇ ਆਈਈ ਵਾਲੰਟੀਅਰਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਯੂਨੀਅਨ ਵੱਲੋਂ ਮੁਹਾਲੀ ਵਿੱਚ ਵਿੱਦਿਆ ਭਵਨ ਅੱਗੇ ਲਾਏ ਗਏ ਅਨਿਸ਼ਚਿਤ ਕਾਲ ਦੇ ਧਰਨੇ ਦੀ ਹਮਾਇਤ ਕਰਦਿਆਂ ਇਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਪੰਜਾਬ ਸਰਕਾਰ ਤੋਂ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕੀਤੀ ਹੈ। ਡੀਟੀਐੱਫਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਜਥੇਬੰਦਕ ਸਕੱਤਰ ਰੁਪਿੰਦਰਪਾਲ ਗਿੱਲ ਨੇ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਦੇ ਰਾਜ ਵਿੱਚ ਪੰਜਾਬ ਦੇ ਉੱਚ ਡਿਗਰੀ ਪ੍ਰਾਪਤ ਨੌਜਵਾਨ ਖੇਤਾਂ ਅਤੇ ਭੱਠਿਆਂ ਉਪਰ ਨੌਕਰੀ ਕਰਨ ਲਈ ਮਜਬੂਰ ਹਨ। ਲੰਮੇ ਸਮੇਂ ਤੋਂ ਨੌਕਰੀ ਦੀ ਉਡੀਕ ਕਰ ਰਹੇ ਅਤੇ ਨੌਕਰੀ ਮੰਗਣ ਤੇ ਸਰਕਾਰੀ ਤਸ਼ੱਦਦ ਝੱਲ ਰਹੇ ਨੌਜਵਾਨਾਂ ਨੂੰ ਸੂਬਾ ਸਰਕਾਰ ਨੇ ਖ਼ੁਦਕੁਸ਼ੀ ਦੇ ਰਾਹ ਤੁਰਨ ਲਈ ਮਜਬੂਰ ਕਰ ਦਿੱਤਾ ਹੈ ਜਦਕਿ ਸਰਕਾਰ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਨਾਲ ਨਿਵਾਜ਼ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੱਚੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਣ ਘੜੀਸਣ ਅਤੇ ਏਨਾ ਤਸ਼ੱਦਦ ਕਰਨ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਕੇ, ਕੱਚੇ ਅਧਿਆਪਕ ਪੱਕੇ ਕਰਕੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇ ਕੇ ਸਮੱਸਿਆ ਦਾ ਹੱਲ ਕਰੇ। ਇਸ ਸਮੇਂ ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਜਸਵੀਰ ਅਕਾਲਗੜ੍ਹ, ਰਮਨਜੀਤ ਸੰਧੂ, ਮਨਪ੍ਰੀਤ ਸਿੰਘ, ਰਾਕੇਸ਼ ਪੁਹੀੜ, ਰਾਜਿੰਦਰ ਜੰਡਿਆਲੀ, ਜੰਗਪਾਲ ਸਿੰਘ, ਪ੍ਰਭਜੋਤ ਸਿੰਘ, ਰਾਜਵਿੰਦਰ ਸਿੰਘ, ਬਲਵੀਰ ਸਿੰਘ ਬਾਸੀਆਂ, ਹਰਿੰਦਰ ਸਿੰਘ ਸੁਧਾਰ , ਅੰਮ੍ਰਿਤਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ ।