ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
24 ਅਪਰੈਲ ਨੂੰ ਜਦੋਂ ਦਿੱਲੀ ਦੇ ਕਿਸਾਨ ਮੋਰਚੇ ਨੂੰ 150 ਦਿਨ ਪੂਰੇ ਹੋ ਰਹੇ ਹਨ, ਸੰਯੁਕਤ ਕਿਸਾਨ ਮੋਰਚਾ ਵੱਲੋਂ ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ, ਜਿਸ ਵਿੱਚ ਕਿਸਾਨ, ਮਜ਼ਦੂਰਾਂ ਦੇ ਨਾਲ ਨਾਲ ਕਰਮਚਾਰੀ, ਵਿਦਿਆਰਥੀ, ਨੌਜਵਾਨ, ਕਾਰੋਬਾਰੀ ਅਤੇ ਹੋਰ ਜਥੇਬੰਦੀਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਣਕ ਵਾਢੀ ਦਾ ਕੰਮ ਨਿਪਟਾਉਂਦਿਆਂ ਲਗਾਤਾਰ ਕਾਫ਼ਲਿਆਂ ’ਚ ਵਾਪਸੀ ਕਰ ਰਹੇ ਹਨ। ਪੰਜਾਬ ਦੀਆਂ ਮੰਡੀਆਂ ’ਚ ਬਾਰਦਾਨੇ ਦੀ ਕਮੀ ਕਾਰਨ ਹਜ਼ਾਰਾਂ ਕਿਸਾਨ ਹਾਲੇ ਮੰਡੀਆਂ ’ਚ ਬੈਠੇ ਹਨ, ਉਹ ਬੇਸਬਰੀ ਨਾਲ ਉਡੀਕ ਰਹੇ ਹਨ, ਕਿ ਕਦੋਂ ਕਣਕ ਵਿਕੇ ਅਤੇ ਉਹ ਮੁੜ ਟਿਕਰੀ ਜਾਂ ਸਿੰਘੂ ਪਰਤਣ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਹਨ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਹੋਣ ਅਤੇ ਪੰਜਾਬ ਦੇ ਕਿਸਾਨ ਘਰ ਪਰਤਣ ਪਰ ਕੇਂਦਰ-ਸਰਕਾਰ ਵੱਲੋਂ ਧਾਰੀ ਬੇਰੁਖੀ ਕਾਰਨ ਉਨ੍ਹਾਂ ਨੇ ਪਿੰਡਾਂ ’ਚ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਿਸਾਨ-ਅੰਦੋਲਨ ਲਈ ਰਾਸ਼ਣ ਤੇ ਹੋਰ ਜ਼ਰੂਰਤਾਂ ਸਮੇਂ ਸਿਰ ਇਕੱਠੀਆਂ ਕਰਦੇ ਰਹਿਣ ਤਾਂ ਕਿ ਅੰਦੋਲਨ ਹੋਰ ਲੰਮਾ ਚੱਲਣ ਦੀ ਸੂਰਤ ’ਚ ਕੋਈ ਸਮੱਸਿਆ ਨਾ ਆਵੇ।
ਡਾ. ਸਾਹਿਬ ਸਿੰਘ ਨਾਟਕਕਾਰ 24 ਅਪਰੈਲ ਨੂੰ ਦੁਪਹਿਰ ਸਮੇਂ ਆਪਣੇ ਦੋ ਨਾਟਕ ਲੈ ਕੇ ਹਾਜ਼ਰ ਹੋਣਗੇ ਅਤੇ ਰਵਿੰਦਰ ਗਰੇਵਾਲ ਸਮੇਤ ਆਪਣੀ ਟੀਮ ਦੇ ਨਾਲ ਤਿੰਨ ਵਜੇ ਸਟੇਜ ’ਤੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।