ਸ੍ਰੀਨਗਰ, 1 ਦਸੰਬਰ
ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਦੀਆਂ ਚੋਣਾਂ ਦਾ ਅੱਜ ਦੂਜਾ ਗੇੜ ਸ਼ਾਂਤੀਪੂਰਨ ਨੇਪਰੇ ਚੜ੍ਹ ਗਿਆ ਅਤੇ 48.62 ਫ਼ੀਸਦੀ ਵੋਟਿੰਗ ਹੋਈ। ਸੂਬਾ ਚੋਣ ਕਮਿਸ਼ਨਰ ਕੇਕੇ ਸ਼ਰਮਾ ਨੇ ਇੱਥੇ ਦੱਸਿਆ ਕਿ ਜੰਮੂ ਖੇਤਰ ਵਿੱਚ 65.54 ਫ਼ੀਸਦੀ, ਜਦੋਂਕਿ ਕਸ਼ਮੀਰ ਵਾਦੀ ਵਿੱਚ ਔਸਤ 33.54 ਫ਼ੀਸਦੀ ਲੋਕਾਂ ਨੇ ਵੋਟਾਂ ਪਾਈਆਂ। ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 69.66 ਫ਼ੀਸਦੀ ਵੋਟਾਂ ਪਈਆਂ। ਇਹ ਕੇਂਦਰੀ ਸ਼ਾਸਿਤ ਸੂਬੇ ਵਿੱਚ ਸਭ ਤੋਂ ਵੱਧ ਵੋਟਿੰਗ ਹੈ। ਪਹਿਲੇ ਗੇੜ ਵਿੱਚ ਕੁੱਲ 51.76 ਫ਼ੀਸਦੀ ਵੋਟਿੰਗ ਹੋਈ, ਜਿਸ ਵਿੱਚੋਂ ਜੰਮੂ ਖੇਤਰ ਵਿੱਚ 64.2 ਅਤੇ ਕਸ਼ਮੀਰ ਖੇਤਰ ਵਿੱਚ 40.65 ਫ਼ੀਸਦੀ ਵੋਟਾਂ ਪਈਆਂ ਸਨ। ਕੇਂਦਰ ਸਰਕਾਰ ਲਈ ਜੰਮੂ ਕਸ਼ਮੀਰ ਨੂੰ ਪਿਛਲੇ ਸਾਲ ਅਗਸਤ ਵਿੱਚ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਕੇ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਮਗਰੋਂ ਇਹ ਚੋਣਾਂ ਅਹਿਮ ਹਨ। ਪੁਣਛ ਵਿੱਚ ਅੱਜ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ, ਜਿੱਥੇ 75 ਫ਼ੀਸਦੀ ਵੋਟਾਂ ਪਈਆਂ, ਜਦੋਂਕਿ ਪੁਲਵਾਮਾ ਵਿੱਚ ਸਭ ਤੋਂ ਘੱਟ 8.67 ਫ਼ੀਸਦੀ ਲੋਕ ਹੀ ਵੋਟ ਪਾਉਣ ਬਾਹਰ ਨਿਕਲੇ। ਚੋਣ ਕਮਿਸ਼ਨਰ ਸ੍ਰੀ ਸ਼ਰਮਾ ਨੇ ਕਿਹਾ, ‘‘ਡੀਡੀਸੀ ਦੀਆਂ ਦੂਜੇ ਗੇੜ ਦੀਆਂ ਚੋਣਾਂ ਸ਼ਾਂਤੀਪੂਰਵਕ ਰਹੀਆਂ। ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਕਿਸੇ ਘਟਨਾ ਸਬੰਧੀ ਕੋਈ ਰਿਪੋਰਟ ਨਹੀਂ ਹੈ। ਦੂਜੇ ਗੇੜ ’ਚ ਦੌਰਾਨ 48.62 ਵੋਟਾਂ ਪਈਆਂ।’’
-ਪੀਟੀਆਈ
ਹੈਦਰਾਬਾਦ ਨਗਰ ਨਿਗਮ ਚੋਣਾਂ ਵਿੱਚ 35.80 ਫ਼ੀਸਦੀ ਵੋਟਿੰਗ; 69 ਪੋਲ ਬੂਥਾਂ ’ਤੇ ਮੁੜ ਵੋਟਿੰਗ ਭਲਕੇ
ਹੈਦਰਾਬਾਦ: ਗ੍ਰੇਟਰ ਹੈਦਰਾਬਾਦ ਮਿਉਂਸਿਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਚੋਣਾਂ ਲਈ ਸਥਾਨਕ ਵੋਟਰਾਂ ਦਾ ਉਤਸ਼ਾਹ ਮੱਠਾ ਰਿਹਾ। ਕਰੋਨਾ ਦੇ ਮੱਦੇਨਜ਼ਰ ਅੱਜ ਸ਼ਾਮ ਪੰਜ ਵਜੇ ਤੱਕ ਸਿਰਫ਼ 35.80 ਫ਼ੀਸਦੀ ਵੋਟਰ ਹੀ ਵੋਟਾਂ ਪਾਉਣ ਬਾਹਰ ਨਿਕਲੇ। ਵੋਟਰਾਂ ਦਾ ਉਤਸ਼ਾਹ ਮੱਠਾ ਰਹਿਣ ਦੇ ਮੱਦੇਨਜ਼ਰ ਭਾਜਪਾ ਨੇ ਸੱਤਾਧਾਰੀ ਪਾਰਟੀ ਟੀਆਰਐੱਸ ਦੀ ਆਲੋਚਨਾ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਸਵੇਰੇ ਸੱਤ ਵਜੇ ਪੈਣੀਆਂ ਸ਼ੁਰੂ ਹੋਈਆਂ ਸਨ। ਚੋਣਾਂ ਦਾ ਅਮਲ ਸ਼ਾਂਤੀਪੂਰਨ ਰਿਹਾ ਅਤੇ ਕੋਈ ਘਟਨਾ ਨਹੀਂ ਵਾਪਰੀ। ਤਿਲੰਗਾਨਾ ਸੂਬਾ ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਮੁਤਾਬਕ ਵਾਰਡ ਨੰਬਰ 26 ਦੇ ਸਾਰੇ 69 ਪੋਲ ਬੂਥਾਂ ’ਤੇ ਮੁੜ ਚੋਣਾਂ ਹੋਣਗੀਆਂ ਕਿਉਂਕਿ ਸੀਪੀਆਈ (ਐੱਮ) ਦਾ ਚੋਣ ਨਿਸ਼ਾਨ ਸੀਪੀਆਈ ਦੇ ਬੈਲਟ ਪੇਪਰ ’ਤੇ ਛਪ ਗਿਆ ਸੀ। ਸੀਪੀਆਈ ਦੀ ਸ਼ਿਕਾਇਤ ਮਗਰੋਂ ਚੋਣ ਕਮਿਸ਼ਨ ਨੇ 69 ਬੂਥਾਂ ’ਤੇ 3 ਦਸੰਬਰ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਚੋਣਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ।
-ਪੀਟੀਆਈ