ਭੱਦਰਵਾਹ/ਜੰਮੂ, 18 ਜੂਨ
ਜੰਮੂ ਕਸ਼ਮੀਰ ਦੇ ਭੱਦਰਵਾਹ ਵਿੱਚ ਸਥਿਤੀ ਸ਼ਾਂਤੀਪੂਰਨ ਬਣੀ ਰਹਿਣ ਮਗਰੋਂ ਸ਼ਨਿਚਰਵਾਰ ਨੂੰ ਸਵੇਰੇ ਸੱਤ ਵਜੇ ਤੋਂ ਕਰਫਿਊ ਵਿੱਚ ਬਾਰ੍ਹਾਂ ਘੰਟਿਆਂ ਦੀ ਢਿੱਲ ਦਿੱਤੀ ਗਈ। ਪੈਗੰਬਰ ਮੁਹੰਮਦ ਸਬੰਧੀ ਭਾਜਪਾ ਦੀ ਸਾਬਕਾ ਤਰਜਮਾਨ ਨੂਪੁਰ ਸ਼ਰਮਾ ਦੀ ਕਥਿਤ ਵਿਵਾਦਤ ਟਿੱਪਣੀ ਅਤੇ ਉਸ ਦੇ ਸਮਰਥਨ ਵਿੱਚ ਸੱਜੇ-ਪੱਖੀ ਕਾਰਕੁਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ ਪੋਸਟਾਂ ਕਾਰਨ ਬਣੇ ਤਣਾਅਪੂਰਨ ਮਾਹੌਲ ਮਗਰੋਂ ਭੱਦਰਵਾਹ ਅਤੇ ਡੋਡਾ ਜ਼ਿਲ੍ਹੇ ਵਿੱਚ 9 ਜੂਨ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਸੱਤ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਵਿੱਦਿਅਕ ਅਦਾਰਿਆਂ ਦੇ ਸੋਮਵਾਰ ਨੂੰ ਖੁੱਲ੍ਹਣ ਦੀ ਸੰਭਾਵਨਾ ਹੈ। ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਬਰਾਡਬੈਂਡ ਅਤੇ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ। -ਪੀਟੀਆਈ