ਨਵੀਂ ਦਿੱਲੀ, 1 ਦਸੰਬਰ
ਸੁਪਰੀਮ ਕੋਰਟ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਦੀ ਉਸ ਅਪੀਲ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਸ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਬੰਬੇ ਹਾਈ ਕੋਰਟ ਨੇ ਆਈਸੀਆਈਸੀਆਈ ਬੈਂਕ ਦੀ ਸੀਈਓ ਤੇ ਪ੍ਰਬੰਧਕੀ ਨਿਰਦੇਸ਼ਕ ਵਜੋਂ ਟਰਮੀਨੇਟ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਚੰਦਾ ਕੋਛੜ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਇਹ ਨਿੱਜੀ ਬੈਂਕ ਤੇ ਮੁਲਾਜ਼ਮ ਵਿਚਲਾ ਮਸਲਾ ਹੈ, ਜੋ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਮੁਆਫ਼ ਕਰਨਾ, ਅਸੀਂ ਹਾਈ ਕੋਰਟ ਦੇ ਉਪਰੋਕਤ ਹੁਕਮਾਂ ਵਿੱਚ ਦਖ਼ਲ ਨਹੀਂ ਦੇ ਸਕਦੇ।’ ਸਿਖਰਲੀ ਅਦਾਲਤ ਨੇ ਇਹ ਹੁਕਮ ਕੋਛੜ ਦੀ ਉਸ ਅਪੀਲ ’ਤੇ ਕੀਤੇ ਹਨ, ਜਿਸ ਵਿੱਚ ਉਸ ਨੇ ਬੰਬੇ ਹਾਈ ਕੋਰਟ ਦੇ 5 ਮਾਰਚ ਨੂੰ ਸੁਣਾਏ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ ਉਸ ਮੌਕੇ ਆਈਸੀਆਈਆਈਸੀ ਬੈਂਕ ਵੱਲੋਂ ਕੋਛੜ ਨੂੰ ਐੱਮਡੀ ਤੇ ਸੀਈਓ ਦੇ ਅਹੁਦਿਆਂ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈ ਕੋਰਟ ਨੇ ਉਦੋਂ ਬੈਂਕ ਦੇ ਇਸ ਦਾਅਵੇ ਨੂੰ ਸਹੀ ਮੰਨਿਆ ਸੀ ਕਿ ਇਹ ਝਗੜਾ ਇਕ ਨਿੱਜੀ ਬੈਂਕ ਤੇ ਉਸ ਦੇ ਕੰਟਰੈਕਟ ਮੁਲਾਜ਼ਮ ਵਿਚਾਲੇ ਹੈ।
-ਪੀਟੀਆਈ