ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ’ਚ ਪਿੰਡ ਸੇਖੂਵਾਸ, ਸੰਗਤੀਵਾਲਾ, ਨੰਗਲਾਠ ਭਾਈ ਕੀ ਪਿਸ਼ੌਰ, ਘੋੜੋਨਬ , ਰਾਮਗੜ੍ਹ ਸੰਧੂਆਂ ਨੂੰ ਬਿਜਲੀ ਸਪਲਾਈ ਕਰਨ ਵਾਲੇ 66 ਕੇਵੀ ਗਰਿੱਡ ਸੇਖੂਵਾਸ ਅੱਗੇ ਖੇਤੀ ਲਈ ਨਿਰਵਿਘਨ ਸਪਲਾਈ ਨਾ ਦੇਣ ਖਿਲਾਫ ਗਰਿੱਡ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਬਿਜਲੀ ਮੁਲਾਜ਼ਮਾਂ ’ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਇਥੋਂ ਦੇ ਉੱਚ ਅਧਿਕਾਰੀਆਂ ਨੇ ਇਸ ਗਰਿੱਡ ਹੇਠ ਪੈਂਦੀਆਂ ਮੋਟਰਾਂ ਜੋ ਕੇ ਗਰਿੱਡ ਦੇ ਲੋਡ ਮੁਤਾਬਕ ਜੋੜਨੀਆਂ ਚਾਹੀਦੀਆਂ ਸਨ ਪਰੰਤੂ ਅਪਣੀ ਮਨਮਰਜ਼ੀ ਮੁਤਾਬਕ ਉਨ੍ਹਾਂ ਤੋਂ ਵੱਧ ਮੋਟਰਾਂ ਦੇ ਵਾਧੂ ਕਨੈਕਸ਼ਨ ਜੋੜ ਰੱਖੇ ਹਨ ਜਿਸ ਨਾਲ ਮਸ਼ੀਨ ਓਵਰਲੋਡ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ’ਤੇ ਹੈ ਘੱਟ ਬਿਜਲੀ ਆਉਣ ਨਾਲ ਜਾ ਕੱਟ ਲੱਗਣ ਕਰਕੇ ਝੋਨਾ ਲਗਾਉਣ ਲਈ ਪਾਣੀ ਦੀ ਘਾਟ ਰਹਿੰਦੀ ਹੈ। ਇਸ ਹਾਲਤ ਵਿੱਚ ਕਿਸਾਨ ਨੂੰ ਵਾਰ-ਵਾਰ ਟਰੈਕਟਰ ਰਾਹੀਂ ਮਹਿੰਗਾ ਡੀਜ਼ਲ ਫੂਕਣਾ ਪੈਦਾ ਹੈ। ਇਸ ਧਰਨੇ ਨੂੰ ਕਿਸਾਨ ਆਗੂ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਰਾਮਚੰਦ ਸਿੰਘ ਚੋਟੀਆਂ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਬਿੰਦਰ ਸਿੰਘ ਖੋਖਰ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਜਗਸੀਰ ਸਿੰਘ ਖੰਡੇਬਾਦ, ਜੱਸੀ ਸੇਖੂਵਾਸ, ਬਿੰਦਰ ਸਿੰਘ ਸੇਖੂਵਾਸ, ਗੁਰਮੀਤ ਸਿੰਘ ਪਸੋਰ, ਬਬਲੀ ਘੋੜੇਨਬ ਆਦਿ ਨੇ ਮੰਗ ਕੀਤੀ ਕਿ ਸਰਕਾਰ ਵਲੋਂ ਕੀਤੇ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ਦੇ ਵਾਅਦੇ ਮੁਤਾਬਕ ਮੋਟਰਾਂ ਦੀ ਬਿਜਲੀ ਸਪਲਾਈ ਦਿੱਤੀ ਜਾਵੇ। ਗਰਿੱਡ ਦੇ ਲੋਡ ਤੋਂ ਵੱਧ ਅਧਿਕਾਰੀਆਂ ਵਲੋਂ ਮਨਮਰਜ਼ੀ ਮੁਤਾਬਕ ਪਾਈਆਂ ਮੋਟਰਾਂ ਨੂੰ ਵੱਖ ਕਰਕੇ ਹੋਰ ਲੋਡ ਰਹਿਤ ਗਰਿੱਡਾਂ ਨਾਲ ਜੋੜਿਆ ਜਾਵੇ। ਬਿਜਲੀ ਲਾਈਨਾਂ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਧਰਨੇ ਬਾਰੇ ਪਾਵਰਕੌਮ ਦੇ ਐਕਸੀਅਨ ਇੰਜਨੀਅਰ ਕੁਲਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਪਾਵਰਕੌਮ ਦਾ ਪ੍ਰਚੇਜ਼ ਕੰਟਰੋਲ ਵਿਭਾਗ ਪਟਿਆਲਾ ਕਰਦਾ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਖੇਤੀ ਲਈ ਅੱਠ ਘੰਟੇ ਨਿਰਵਿਘਨ ਸਪਲਾਈ ਲਈ ਲਿਖਤੀ ਪੱਤਰ ਭੇਜਿਆ ਹੈ।