ਨਵੀਂ ਦਿੱਲੀ, 1 ਦਸੰਬਰ
ਭਾਰਤੀ ਜਲ ਸੈਨਾ ਨੇ ਬੰਗਾਲ ਦੀ ਖਾੜੀ ਵਿਚ ਬ੍ਰਹਮੋਸ ਸੁਪਰਸੌਨਿਕ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਬ੍ਰਹਮੋਸ ਮਿਜ਼ਾਈਲ ਥਲ ਤੇ ਜਲ ਸੈਨਾ ਲਈ ਵੱਖੋ-ਵੱਖ ਤਿਆਰ ਕੀਤੀ ਗਈ ਹੈ। ਤਿੰਨੋਂ ਸੈਨਾਵਾਂ ਪਿਛਲੇ ਕਈ ਹਫ਼ਤਿਆਂ ਤੋਂ ਲੜੀਵਾਰ ਮਿਜ਼ਾਈਲਾਂ ਦੇ ਪ੍ਰੀਖਣ ਕਰ ਰਹੀਆਂ ਹਨ। ਭਾਰਤੀ ਜਲ ਸੈਨਾ ਨੇ ਛੇ ਹਫ਼ਤੇ ਪਹਿਲਾਂ ਵੀ ਅਰਬ ਸਾਗਰ ਵਿਚ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਬ੍ਰਹਮੋਸ ਏਅਰੋਸਪੇਸ, ਭਾਰਤ ਤੇ ਰੂਸ ਦਾ ਸਾਂਝਾ ਉੱਦਮ ਹੈ। ਇਸ ਮਿਜ਼ਾਈਲ ਨੂੰ ਪਣਡੁੱਬੀਆਂ, ਸਮੁੰਦਰੀ ਬੇੜਿਆਂ, ਹਵਾਈ ਜਹਾਜ਼ਾਂ ਤੇ ਜ਼ਮੀਨ ਨਾਲ ਜੁੜੇ ਪਲੇਟਫਾਰਮ ਤੋਂ ਲਾਂਚ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਭਾਰਤੀ ਥਲ ਸੈਨਾ ਨੇ ਵੀ ਧਰਤੀ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਬ੍ਰਹਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਸੀ। ਹੁਣ ਇਹ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ ਜਦਕਿ ਪਹਿਲਾਂ ਇਹ 290 ਕਿਲੋਮੀਟਰ ਤੱਕ ਹੀ ਮਾਰ ਕਰ ਸਕਦੀ ਸੀ।
-ਪੀਟੀਆਈ