ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਅਪਰੈਲ
ਤੇਜ਼ ਮੀਂਹ ਤੇ ਹਨੇਰੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਹੋਰ ਵਧਾ ਦਿੱਤੀਆਂ ਹਨ। ਅਨਾਜ ਮੰਡੀਆਂ ’ਚ ਪਾਣੀ ਖੜ੍ਹ ਗਿਆ ਅਤੇ ਫੜਾਂ ’ਤੇ ਪਈਆਂ ਬੋਰੀਆਂ ਭਿੱਜ ਗਈਆਂ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਹਰਜੀਤ ਸਿੰਘ ਗਰੇਵਾਲ, ਪ੍ਰੋ. ਅੰਮ੍ਰਿਤਪ੍ਰੀਤ ਸਿੰਘ, ਜਗਜੀਤ ਸਿੰਘ ਜੱਗੀ, ਮੁਖਤਿਆਰ ਸਿੰਘ ਧਮੋਟ ਅਤੇ ਗੋਲਡੀ ਮਾਨ ਨੇ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੇ ਖ਼ਰੀਦ ਪ੍ਰਬੰਧ ਅਧੂਰੇ ਹਨ। ਸਰਕਾਰ ਕਿਸਾਨਾਂ ਦੀ ਕਣਕ ਖ਼ਰੀਦਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਅੱਜ ਦੂਜੇ ਦਿਨ ਵੀ ਵਾਢੀ ਲਈ ਕੋਈ ਕੰਬਾਇਨ ਨਹੀਂ ਚੱਲੀ। ਮੀਂਹ ਕਾਰਨ ਅਜੇ ਵੀ ਕਈ ਥਾਂ ਕਣਕ ਦੀ ਵਾਢੀ ਨਹੀਂ ਹੋ ਰਹੀ ਤੇ ਹਨੇਰੀ ਕਾਰਨ ਖੜ੍ਹੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਮੰਗਿਆ।