ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਸਨਅਤੀ ਸੰਸਥਾ ‘ਫਿੱਕੀ’ ਉਪਰ ਪ੍ਰਦੂਸ਼ਣ ਰੋਕਣ ਵਿੱਚ ਕੁਤਾਹੀ ਵਰਤਣ ਕਾਰਨ 20 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ। ਦਿੱਲੀ ਸਰਕਾਰ ਦੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋ ਇਹ ਜੁਰਮਾਨਾ ਕੌਮੀ ਗ੍ਰੀਨ ਟ੍ਰਿਬਿਊਨਲ, ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਰੋਸ਼ਨੀ ਵਿੱਚ ਪ੍ਰਦੂਸ਼ਣ ਰੋਕੂ ਐਕਟ ਦੀ ਧਾਰਾ 31 (ਏ) ਤਹਿਤ ਕੀਤਾ ਗਿਆ ਹੈ। ਮੰਡੀ ਹਾਊਸ ਸਥਿਤ ਫਿੱਕੀ ਆਡੀਟੋਰੀਅਮ ਦੀ ਅੱਗ ਵਿਚ ਸੜੀ ਇਮਾਰਤ ਨੂੰ ਢਾਹ ਕੇ ਦੁਆਰਾ ਬਣਾਉਣ ਦੌਰਾਨ ਉੱਡਣ ਵਾਲੀ ਗਰਦ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਕਰਕੇ ਇਹ ਜੁਰਮਾਨਾ ਠੋਕਿਆ ਗਿਆ ਹੈ। ਬੀਤੇ ਦਿਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਇ ਨੇ ਉਸਾਰੀ ਅਧੀਨ ਇਮਾਰਤ ਵਾਲੀ ਥਾਂ ਦਾ ਦੌਰਾ ਕੀਤਾ ਸੀ ਤੇ ਉੱਥੇ ਖਾਮੀਆਂ ਸਾਹਮਣੇ ਆਈਆਂ ਸਨ।