ਨਵੀਂ ਦਿੱਲੀ, 12 ਨਵੰਬਰ
ਲੇਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੀ ਥਾਂ ਜੰਮੂ ਕਸ਼ਮੀਰ ਦੇ ਹਿੱਸੇ ਵਜੋਂ ਦਿਖਾਉਣ ਲਈ ਸਰਕਾਰ ਨੇ ਟਵਿੱਟਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਆਈਟੀ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਨੋਟਿਸ ਜਾਰੀ ਕਰਕੇ ਟਵਿਟਰ ਨੂੰ ਇਸ ਸਬੰਧੀ ਪੰਜ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਟਵਿਟਰ ਨੂੰ 9 ਨਵੰਬਰ ਨੂੰ ਨੋਟਿਸ ਜਾਰੀ ਕੀਤਾ ਸੀ। ਟਵਿਟਰ ਨੇ ਇਸ ਤੋਂ ਪਹਿਲਾਂ ਲੇਹ ਨੂੰ ਚੀਨ ਦੇ ਹਿੱਸੇ ਵਜੋਂ ਦਿਖਾਇਆ ਸੀ। ਉਦੋਂ ਆਈਟੀ ਸਕੱਤਰ ਨੇ ਕੰਪਨੀ ਦੇ ਸੀਈਓ ਜੈਕ ਡੋਰਸੇ ਨੂੰ ਸਖ਼ਤ ਪੱਤਰ ਲਿਖਿਆ ਸੀ। -ਪੀਟੀਆਈ