ਕੁਲਦੀਪ ਸਿੰਘ
ਚੰਡੀਗੜ੍ਹ, 24 ਅਗਸਤ
ਚੰਡੀਗੜ੍ਹ ਵਿਚਲੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਅੱਜ ਇੱਕ ਮੀਟਿੰਗ ਪਿੰਡ ਸਾਰੰਗਪੁਰ ਵਿੱਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਬਾਬਾ ਸਾਧੂ ਸਿੰਘ, ਹਰਭਜਨ ਸਿੰਘ ਅਤੇ ਜਥੇਦਾਰ ਨੈਬ ਸਿੰਘ ਨੇ ਕੀਤੀ। ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਮੀਤ ਪ੍ਰਧਾਨ ਜੋਗਿੰਦਰ ਸਿੰਘ, ਬਾਬਾ ਗੁਰਦਿਆਲ ਸਿੰਘ, ਇੰਦਰਜੀਤ ਸਿੰਘ ਗਰੇਵਾਲ ਅਤੇ ਹਰਦੀਪ ਸਿੰਘ ਬੁਟੇਰਲਾ ਨੇ ਦੱਸਿਆ ਕਿ ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿਵਾਉਣ ਲਈ ਨਗਰ ਨਿਗਮ ਦੇ ਚੀਫ਼ ਇੰਜਨੀਅਰ ਮੰਗ ਪੱਤਰ ਸੌਂਪਣ ਦਾ ਫ਼ੈਸਲਾ ਲਿਆ ਗਿਆ ਹੈ। ਪਿਛਲੇ ਦਿਨੀਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚੰਡੀਗੜ੍ਹ ਫੇਰੀ ਦੌਰਾਨ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਚੰਡੀਗੜ੍ਹ ਪੁਲੀਸ ਵੱਲੋਂ ਕੀਤੇ ਗਏ ਵਿਵਹਾਰ ਦੀ ਵੀ ਮੀਟਿੰਗ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨਕਾਰੀ ਬੀਬੀ ਰਾਜ ਗਿੱਲ ਨਾਲ ਕੀਤੀ ਗਈ ਧੱਕੇਸ਼ਾਹੀ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਅਤੇ ਪੁਲੀਸ ਤੋਂ ਇਸ ਸਬੰਧੀ ਕਾਰਵਾਈ ਮੰਗੀ ਗਈ। ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀ ਸੰਘਰਸ਼ ਦਾ ਵੀ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਪੂਰਨ ਸਮਰਥਨ ਕੀਤਾ ਗਿਆ ਅਤੇ ਦਿੱਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਏ ਜਾ ਰਹੇ ਕਿਸਾਨੀ ਸੰਘਰਸ਼ ’ਚ ਵਿੱਤੀ ਮਦਦ ਭੇਜਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਸ਼ਰਨਜੀਤ ਸਿੰਘ, ਜਸਵਿੰਦਰ ਕੌਰ ਬਹਿਲਾਣਾ, ਸੁਖਜੀਤ ਸਿੰਘ ਸੁੱਖਾ, ਗਿਆਨ ਚੰਦ ਤੇ ਸੁਖਵਿੰਦਰ ਸਿੰਘ ਬਾਬਾ ਬਲਦੇਵ ਸਿੰਘ, ਜੁਝਾਰ ਸਿੰਘ ਬਡਹੇੜੀ, ਹਰਬੰਸ ਸਿੰਘ, ਗੁਰਿੰਦਰ ਸਿੰਘ, ਸਤਵੰਤ ਸਿੰਘ ਤੇ ਹਰਮੇਸ਼ ਸਿੰਘ ਹਾਜ਼ਰ ਸਨ।
ਟਿਕੈਤ ਦੀ ਰੈਲੀ ਵਿੱਚ ਪਹੁੰਚਣ ਦੀ ਅਪੀਲ
ਪੇਂਡੂ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਚੰਡੀਗੜ੍ਹ ਦੇ ਪਿੰਡਾਂ ਅਤੇ ਪੂਰੇ ਸ਼ਹਿਰ ਵਾਸੀਆਂ ਤੇ ਨੇੜਲੇ ਹੋਰ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ 27 ਅਗਸਤ ਨੂੰ ਰੈਲੀ ਗਰਾਊਂਡ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਆਮਦ ’ਤੇ ਹੋਣ ਵਾਲੇ ਇਕੱਠ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ।