ਪਰਮਜੀਤ ਸਿੰਘ
ਫਾਜ਼ਿਲਕਾ, 21 ਮਾਰਚ
ਜ਼ਿਲ੍ਹੇ ਨਾਲ ਸਬੰਧਤ ਇੱਕ ਪੱਤਰਕਾਰ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਤੀਹ ਹਜ਼ਾਰ ਰੁਪਏ ਲੈਂਦਿਆਂ ਪੁਲੀਸ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਗੁਰਦਿਆਲ ਸਿੰਘ ਵਾਸੀ ਘੁਬਾਇਆ ਦਾ ਲੜਕਾ ਜੋ ਬਤੌਰ ਏਐੱਸਆਈ ਥਾਣਾ ਘੱਲ ਖੁਰਦ (ਫਿਰੋਜ਼ਪੁਰ) ’ਚ ਲੱਗਾ ਹੋਇਆ ਹੈ, ਦੀ ਕਰੀਬ ਨੌਂ ਮਹੀਨੇ ਪਹਿਲਾਂ ਇੱਕ ਵੀਡਿਓ ਉਸ ਦੇ ਹੀ ਦੋਸਤ ਵੱਲੋਂ ਬਣਾਈ ਗਈ ਸੀ ਜਿਸ ਵਿੱਚ ਉਹ ਨਸ਼ਾ ਕਰ ਰਿਹਾ ਸੀ। ਬਜ਼ੁਰਗ ਪੀੜਤ ਦੇ ਦੱਸਣ ਅਨੁਸਾਰ ਉਸ ਦਾ ਪੁੱਤਰ ਪਹਿਲਾਂ ਨਸ਼ਾ ਕਰਨ ਦਾ ਆਦੀ ਸੀ ਤੇ ਗੁਰਪ੍ਰੀਤ ਸਿੰਘ ਉਸ ਦਾ ਦੋਸਤ ਸੀ। ਉਹ ਰਲ ਕੇ ਨਸ਼ਾ ਕਰਦੇ ਸਨ। ਉਸ ਨੇ ਦੋਸ਼ ਲਾਇਆ ਕਿ ਉਸ ਸਮੇਂ ਗੁਰਪ੍ਰੀਤ ਸਿੰਘ ਵੱਲੋਂ ਉਸ ਦੇ ਪੁੱਤਰ ਦੀ ਨਸ਼ਾ ਕਰਦੇ ਦੀ ਇੱਕ ਵੀਡੀਓ ਬਣਾ ਲਈ ਗਈ, ਜਿਹੜੀ ਉਸ ਨੇ ਬਾਅਦ ਵਿੱਚ ਪੱਤਰਕਾਰ ਰਣਜੀਤ ਸਿੰਘ ਨੂੰ ਦੇ ਦਿੱਤੀ। ਪੀੜਤ ਨੇ ਦੋਸ਼ ਲਾਇਆ ਕਿ ਪੱਤਰਕਾਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਿਲ ਕੇ ਉਸ ਦੇ ਪੁੱਤਰ ਨੂੰ ਬਦਨਾਮ ਕਰਨ ਲਈ ਉਸ ਦੀ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕੇ ਪੰਜ ਲੱਖ ਰੁਪਏ ਦੀ ਮੰਗ ਕਰ ਰਹੇ ਸਨ ਜਿਸ ਸਬੰਧੀ ਉਨ੍ਹਾਂ ਸਰਬ ਭਾਰਤ ਨੌਜਵਾਨ ਸਭਾ ਦੇ ਆਗੂਆਂ ਕੋਲ ਜਲਾਲਾਬਾਦ ਪਹੁੰਚ ਕੀਤੀ ਅਤੇ ਆਗੂਆਂ ਨਾਲ ਮਿਲ ਕੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੂੰ ਸ਼ਿਕਾਇਤ ਕੀਤੀ। ਜਦੋਂ ਪੱਤਰਕਾਰ ਰਣਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਉਸ ਕੋਲ ਪੈਸੇ ਲੈਣ ਆਏ ਤਾਂ ਪੁਲੀਸ ਨੇ ਮੌਕੇ ਤੋਂ 30 ਹਜ਼ਾਰ ਰੁਪਏ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਫਾਜ਼ਿਲਕਾ ਪੁਲੀਸ ਵੱਲੋਂ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।