ਬਲਵਿੰਦਰ ਸਿੰਘ ਭੰਗੂ
ਭੋਗਪੁਰ, 16 ਮਈ
ਸਰਬਪੱਖੀ ਵਿਕਾਸ ਤੋਂ ਪੱਛੜੇ ਪਿੰਡ ਚਾਹੜਕੇ ਦੇ ਨੌਜਵਾਨਾਂ ਨੇ ਪਿੰਡ ਦੀ ਨੁਹਾਰ ਬਦਲਣ ਲਈ ਬੀੜਾ ਚੁੱਕ ਲਿਆ ਹੈ। ਕੁਦਰਤੀ ਖੇਤੀ ਦੇ ਮਾਹਿਰ ਅਮਰਜੀਤ ਸਿੰਘ ਭੰਗੂ ਨੇ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਦੇ ਨੇੜੇ ਛੱਪੜ ਦੀ ਸਫਾਈ ਕਰਵਾ ਕੇ ਡੂੰਘਾ ਕੀਤਾ, ਜਿਸ ਨਾਲ ਬਹੁਤ ਸਾਰੇ ਘਰਾਂ ਦੇ ਨਿਕਾਸੀ ਪਾਣੀ ਦੀ ਗੰਭੀਰ ਸਮੱਸਿਆ ਹੱਲ ਹੋ ਗਈ। ਛੱਪੜ ਵਿੱਚੋਂ ਕੱਢੀ ਮਿੱਟੀ ਨੂੰ ਸੜਕਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਪਾ ਕੇ ਉੱਚੇ ਕਰ ਦਿੱਤੇ ਗਏ। ਇਸੇ ਤਰ੍ਹਾਂ ਐੱਨਆਰਆਈ ਸ਼ਰਨਦੀਪ ਸਿੰਘ ਅਟਵਾਲ ਨੇ ਪਿੰਡ ਦੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇ ਕੇ ਪਿੰਡ ਦੇ ਗੁਰਦੁਆਰੇ ਦਾ ਲੰਗਰ ਹਾਲ ਬਣਾਉਣ ਲਈ ਬੱਜਰੀ, ਰੇਤਾ ਅਤੇ ਸਰੀਆ ਲਿਆ ਕੇ ਹਾਲ ਬਣਾਉਣ ਦਾ ਕੰਮ ਸ਼ੁਰੂ ਕਰਾਇਆ ਅਤੇ ਹੁਣ ਉਨ੍ਹਾਂ ਆਪਣੇ ਪਿਤਾ ਤਾਰਾ ਸਿੰਘ ਦੀ ਯਾਦ ਵਿੱਚ ਭੋਗਪੁਰ ਤੋਂ ਪਿੰਡ ਨੂੰ ਆਉਂਦੀ ਸੜਕ ’ਤੇ ਗੇਟ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਸਰਪੰਚ ਊਸ਼ਾ ਰਾਣੀ ਨੇ ਕਿਹਾ ਕਿ ਜਦੋਂ ਦੇ ਉਹ ਸਰਪੰਚ ਬਣੇ ਹਨ ਪਿੰਡ ਦੀਆਂ ਤੀਜਾ ਹਿੱਸਾ ਗਲੀਆਂ ਨਾਲੀਆਂ ਪੱਕੀਆਂ ਕਰਾ ਦਿੱਤੀਆਂ ਹਨ। ਜੇਕਰ ਨੌਜਵਾਨ ਵਰਗ ਵਿਕਾਸ ਕੰਮਾਂ ਲਈ ਇਸੇ ਤਰ੍ਹਾਂ ਸਹਿਯੋਗ ਦੇਵੇ ਤਾਂ ਪਿੰਡ ਚਾਹੜਕੇ ਸਰਬਪੱਖੀ ਵਿਕਾਸ ਪੱਖੋਂ ਮੋਹਰੀ ਹੋ ਜਾਵੇਗਾ।
ਪਿੰਡ ਦੇ ਨੌਜਵਾਨਾਂ ਗੁਰਪ੍ਰੀਤ ਸਿੰਘ ਅਟਵਾਲ, ਬਲਕਾਰ ਸਿੰਘ ਪਟਵਾਰੀ, ਕੁਲਦੀਪ ਸਿੰਘ ਝੱਜ, ਸੁਖਦੇਵ ਸਿੰਘ ਅਟਵਾਲ ਤੇ ਪਲਵਿੰਦਰ ਕੌਰ ਪੰਚ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ 101 ਸਾਲ ਪੁਰਾਣੇ ਸਰਕਾਰੀ ਪ੍ਰਾਇਮਰੀ ਸਕੂਲ ਚਾਹੜਕੇ ਨੂੰ ਅਪਗ੍ਰੇਡ ਕੀਤਾ ਜਾਵੇ, ਗਲੀਆਂ-ਨਾਲੀਆਂ ਨੂੰ ਪੱਕਾ ਕਰਨ ਲਈ ਗਰਾਂਟ ਦਿੱਤੀ ਜਾਵੇਗੀ, ਪਿੰਡ ਵਿੱਚ ਡਿਸਪੈਂਸਰੀ ਬਣਾਈ ਜਾਵੇ ਤੇ ਸਕੂਲ ਵਿੱਚ ਖੇਡ ਦਾ ਮੈਦਾਨ ਬਣਾਉਣ ਲਈ ਗਰਾਂਟ ਦਿੱਤੀ ਜਾਵੇ।