ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਆਸ ਹੈ ਕਿ ਉਸ ਦੀਆਂ ਅਗਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ‘ਸ਼ਮਸ਼ੇਰਾ’ ਅਤੇ ‘ਬ੍ਰਹਮਾਸਤਰ ਪਾਰਟ ਵਨ: ਸ਼ਿਵਾ’ ਉਸ ਦੀ ਵੱਡੇ ਪਰਦੇ ’ਤੇ ਚਾਰ ਸਾਲਾਂ ਦੀ ਗ਼ੈਰਮੌਜੂਦਗੀ ਦੇ ਖੱਪੇ ਨੂੰ ਜ਼ਰੂਰ ਪੂਰਨਗੀਆਂ। ਜਾਣਕਾਰੀ ਅਨੁਸਾਰ ਰਣਬੀਰ ਦੀ ਆਖ਼ਰੀ ਫ਼ਿਲਮ ‘ਸੰਜੂ’ 2018 ਵਿੱਚ ਰਿਲੀਜ਼ ਹੋਈ ਸੀ। ਰਣਬੀਰ ਨੇ ਕਿਹਾ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਦੋ ਫ਼ਿਲਮਾਂ ਲਈ ਸਾਲ ਭਰ ਕੰਮ ਕਰਦਾ ਰਿਹਾ ਹੈ ਅਤੇ ਨਾਲ ਹੀ ਉਸ ਨੇ ਆਪਣੇ ਬਿਮਾਰ ਪਿਤਾ ਮਰਹੂਮ ਰਿਸ਼ੀ ਕਪੂਰ ਦੀ ਦੇਖਭਾਲ ਵੀ ਕੀਤੀ। ਅਦਾਕਾਰ ਰਿਸ਼ੀ ਕਪੂਰ ਦੀ ਸਾਲ 2020 ਵਿੱਚ ਮੌਤ ਹੋ ਗਈ ਸੀ। ਉਸ ਨੇ ਕਿਹਾ, ‘‘ਮੇਰੀ ਆਖ਼ਰੀ ਫ਼ਿਲਮ ਸੰਜੂ ਪੂਰੇ ਚਾਰ ਸਾਲ ਪਹਿਲਾਂ ਰਿਲੀਜ਼ ਹੋਈ ਸੀ। ਫਿਰ ਅਸੀਂ ਡੇਢ ਸਾਲ ਕਰੋਨਾ ਮਹਾਮਾਰੀ ਦੀ ਲਪੇਟ ਵਿੱਚ ਰਹੇ। ਫਿਰ ਇੱਕ ਸਾਲ ਦੇ ਕਰੀਬ ਮੇਰੇ ਪਿਤਾ ਬਿਮਾਰ ਰਹੇ ਅਤੇ ਬਹੁਤਾ ਸਮਾਂ ਉਨ੍ਹਾਂ ਦਾ ਵਿਦੇਸ਼ ਵਿੱਚ ਇਲਾਜ ਕਰਵਾਉਂਦਿਆਂ ਲੰਘ ਗਿਆ।’’ ਰਣਬੀਰ ਨੇ ਕਿਹਾ, ‘‘ਮੈਂ ‘ਸ਼ਮਸ਼ੇਰਾ’ ਅਤੇ ਬ੍ਰਹਮਾਸਤਰ’ ’ਤੇ ਕੰਮ ਕਰ ਰਿਹਾ ਹਾਂ। ਇਹ ਦੋਵੇਂ ਫ਼ਿਲਮਾਂ ਮਹਿੰਗੀਆਂ ਅਤੇ ਲੰਮੀਆਂ ਹਨ। ਮੈਂ ਦੋਵੇਂ ਫਿਲਮਾਂ ਲਈ ਕਰੀਬ 350 ਦਿਨ ਸ਼ੂਟਿੰਗ ਕੀਤੀ ਹੈ। ਮੈਂ ਦਿਨ-ਰਾਤ ਕੰਮ ਕੀਤਾ ਹੈ ਅਤੇ ਹੁਣ ਇਹ ਦੋਵੇਂ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਮੈਨੂੰ ਆਸ ਹੈ ਕਿ ਚਾਰ ਸਾਲਾਂ ਦੀ ਵਾਪਸੀ ਮਗਰੋਂ ਇਹ ਫ਼ਿਲਮਾਂ ਤੁਹਾਡਾ ਚੰਗਾ ਮਨੋਰੰਜਨ ਕਰਨਗੀਆਂ।’’ -ਪੀਟੀਆਈ