ਨਵੀਂ ਦਿੱਲੀ, 21 ਜੂਨ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਸੋਧੇ ਦਿਸ਼ਾ ਨਿਰਦੇਸ਼ ਦੇ ਪਹਿਲੇ ਦਿਨ ਅੱਜ ਸ਼ਾਮ ਤੱਕ ਦੇਸ਼ ਭਰ ’ਚ ਟੀਕਿਆਂ ਦੀਆਂ 80 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਲੰਘੀ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਇੱਕ ਦਿਨ ਅੰਦਰ ਸਭ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਟੀਕਿਆਂ ਦੀਆਂ ਖੁਰਾਕਾਂ ਰਾਜਾਂ ਤੇ ਯੂਟੀਜ਼ ਨੂੰ ਅਬਾਦੀ, ਬਿਮਾਰੀ ਦੇ ਪਸਾਰ ਦਾ ਪੱਧਰ ਤੇ ਟੀਕਾਕਰਨ ਦੀ ਪ੍ਰਗਤੀ ਆਦਿ ਦੇ ਆਧਾਰ ’ਤੇ ਵੰਡੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਅੱਜ ਕਰੋਨਾ ਰੋਕੂ ਟੀਕਿਆਂ ਦੀ ਰਿਕਾਰਡ ਗਿਣਤੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਮਹਾਮਾਰੀ ਖ਼ਿਲਾਫ਼ ਲੜਾਈ ’ਚ ਟੀਕਾ ਸਭ ਤੋਂ ਮਜ਼ਬੂਤ ਹਥਿਆਰ ਹੈ। -ਪੀਟੀਆਈ