ਸੁਰਿੰਦਰ ਮਾਵੀ
ਵਿਨੀਪੈਗ, 19 ਫਰਵਰੀ
ਵਿਨੀਪੈਗ ਸਥਿਤ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਰੋਸ ਵਜੋਂ 200 ਜੁੱਤੀਆਂ ਰੱਖ ਕੇ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦਿੱਲੀ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਲੋਕਾਂ ਵੱਲੋਂ ਵੀ ਆਪੋ-ਆਪਣੇ ਢੰਗ ਨਾਲ ਇਨ੍ਹਾਂ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਮੈਨੀਟੋਬਾ ਵਿਚ ਵਿਰੋਧੀ ਪਾਰਟੀ ਐੱਨਡੀਪੀ ਦੇ ਮੁਖੀ ਵੈੱਬ ਕਿਨਵ ਨੇ ਆਪਣੀ ਪਾਰਟੀ ਵੱਲੋਂ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਦਿੰਦਿਆਂ ਕਿਹਾ ਕਿ ਸ਼ਾਂਤਮਈ ਸੰਘਰਸ਼ ਸਭ ਦਾ ਹੱਕ ਹੈ। ਐੱਮਐੱਲਏ ਦਿਲਜੀਤ ਬਰਾੜ ਨੇ ਵੀ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ ਦਾ ਵਾਅਦਾ ਕੀਤਾ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸਰਬ ਗਿੱਲ ਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਕਿਸਾਨਾਂ ਦੀ ਯਾਦ ਵਿਚ ਇਹ 200 ਜੁੱਤੀਆਂ ਦੇ ਜੋੜੇ ਰੱਖੇ ਗਏ ਹਨ ਕਿਉਂਕਿ ਇਨ੍ਹਾਂ 200 ਜੋੜਿਆਂ ਨੂੰ ਹੁਣ ਉਨ੍ਹਾਂ ਵਿਚ ਪੈਣ ਵਾਲੇ ਪੈਰ ਮੁੜ ਕਦੇ ਨਸੀਬ ਨਹੀਂ ਹੋਣਗੇ। ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਰਤ ਦੀ ਹੁਕਮਰਾਨ ਧਿਰ ਦਿੱਲੀ ਅੰਦਰ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ’ਤੇ ਜ਼ੁਲਮ ਕਰਨਾ ਬੰਦ ਕਰੇ।