ਪੱਤਰ ਪ੍ਰੇਰਕ
ਬਠਿੰਡਾ, 1 ਨਵੰਬਰ
ਕਿਸਾਨੀ ਸੰਕਟ ਕਾਰਨ ਇਸ ਸਾਲ ਵੀ ਦੀਵਾਲੀ ਮੰਦੀ ਰਹਿਣ ਦੇ ਆਸਾਰ ਹਨ। ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਜਿੱਥੇ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ, ਉੱਥੇ ਨੌਜਵਾਨ ਪੀੜ੍ਹੀ ਦਾ ਭਵਿੱਖ ਨੂੰ ਹਨੇਰੇ ਵਿੱਚ ਡੁਬੋ ਦਿੱਤਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹ ਕਿਸਾਨੀ ਅੰਦੋਲਨ ਲਈ ਇੱਕ ਮਸ਼ਾਲ ਲੈ ਕੇ ਚੱਲੇ ਹਨ ਤੇ ਉਹ ਉਸ ਦਿਨ ਹੀ ਦੀਵਾਲੀ ਮਨਾਉਣਗੇ ਜਿਸ ਦਿਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਬਠਿੰਡਾ ਦੇ ਬਾਜ਼ਾਰ ਵਿੱਚ ਪਹਿਲਾਂ ਵਾਲੀ ਰੌਣਕ ਨਹੀਂ ਹੈ। ਸ਼ਹਿਰ ਦੇ ਜਗਮਗ ਕਰਦੇ ਇਲੈਕਟ੍ਰਾਨਿਕ ਬਾਜ਼ਾਰ ਵਿੱਚ ਮੰਦੀ ਦੇ ਪ੍ਰਛਾਵੇਂ ਝਲਕ ਰਹੇ ਹਨ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ, ਕਿਸਾਨੀ ਅੰਦੋਲਨ ਅਤੇ ਡੇਂਗੂ ਦੇ ਪ੍ਰਕੋਪ ਤੋਂ ਬਾਅਦ ਮੰਦੀ ਦੀ ਮਾਰ ਕਾਰਨ ਲੋਕ ਸ਼ਾਪਿੰਗ ਕਰਨ ਤੋਂ ਕੰਨੀ ਕਤਰਾ ਰਹੇ ਹਨ। ਵਪਾਰੀਆਂ ਦਾ ਲੱਕ ਟੁੱਟ ਗਿਆ ਹੈ ਜਦਕਿ ਸਰਕਾਰ ਵੱਲੋਂ ਵਪਾਰੀ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਬਠਿੰਡਾ ਵਿੱਚ ਕਰੋਨਾ ਕਹਿਰ ਤੋਂ ਬਾਅਦ ਡੇਂਗੂ ਦਾ ਪ੍ਰਕੋਪ ਦਾ ਵੀ ਵੱਡਾ ਅਸਰ ਹੈ। ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਵਿੱਚ ਦੀਵਾਲੀ ਨੂੰ ਲੈ ਕੇ ਕੋਈ ਉਤਸ਼ਾਹ ਨਜ਼ਰ ਨਹੀਂ ਆ ਰਿਹਾ।
ਕਿਸਾਨਾਂ ਦੀ ਕਾਹਦੀ ਦੀਵਾਲੀ!
ਪਿੰਡ ਮਹਿਮਾ ਸਰਜਾ ਦੀ ਦਾਣਾ ਮੰਡੀ ਵਿੱਚ ਇੱਕ ਹਫ਼ਤੇ ਤੋਂ ਝੋਨਾ ਲਈ ਬੈਠੇ ਕਿਸਾਨ ਹਰਵਿੰਦਰ ਸਿੰਘ, ਬਿੱਕਰ ਸਿੰਘ, ਗੁਰਨੈਬ ਸਿੰਘ ਤੇ ਇਕੱਤਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਕਾਹਦੀ ਦੀਵਾਲੀ। ਇਸ ਵਾਰ ਦੀਵਾਲੀ ਵਾਲੀ ਰਾਤ ਜਿਣਸ ਕੇਂਦਰਾਂ ਅੰਦਰ ਕੱਟਣੀ ਪਵੇਗੀ। ਦਾਣਾ ਮੰਡੀਆਂ ਵਿੱਚ ਕੰਮ ਕਰਦੇ ਪਰਵਾਸੀ ਰਾਮੂ ਕਾਕਾ, ਦੀਨ ਦਿਆਲ, ਮੁਕੇਸ਼ ਯਾਦਵ ਤੇ ਰਵੀ ਯਾਦਵ ਦਾ ਕਹਿਣਾ ਸੀ ਕਿ ‘ਹਮਾਰੀ ਤੋਂ ਹਰ ਸਾਲ ਦੀਵਾਲੀ ਮੰਡੀਓਂ ਮੇਂ ਹੀ ਬੀਤ ਜਾਤੀ ਹੈ ਔਰ ਇਸ ਸਾਲ ਭੀ ਸ਼ਾਇਦ ਯਹੀਂ ਕਟੇ।