ਮੁੰਬਈ, 19 ਫਰਵਰੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਦੇਵੇਂਦਰ ਫੜਨਵੀਸ ਵੱਲੋਂ ਨਾਨਾ ਪਟੋਲੇ ਦੇ ਬਿਆਨ ’ਤੇ ਟਿੱਪਣੀ ਤੋਂ ਇੱਕ ਦਿਨ ਬਾਅਦ ਮਹਾਰਾਸ਼ਟਰ ਕਾਂਗਰਸ ਦੇ ਮੁਖੀ ਨੇ ਅੱਜ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦੇ ਬਿਆਨ ਨੂੰ ਦਿਲ ’ਤੇ ਲੈਣ ਦੀ ਲੋੜ ਨਹੀਂ ਹੈ। ਇੱਕ ਦਿਨ ਪਹਿਲਾਂ ਫੜਨਵੀਸ ਨੇ ਕਿਹਾ ਸੀ ਕਿ ਪਟੋਲੇ ਦੀ ਇਹ ਟਿੱਪਣੀ ਕਿ ਕੁਝ ਕਲਾਕਾਰ ਤੇਲ ਕੀਮਤਾਂ ’ਚ ਵਾਧੇ ਨੂੰ ਲੈ ਕੇ ਕੋਈ ਸਟੈਂਡ ਨਹੀਂ ਲੈ ਰਹੇ, ਸਿਰਫ਼ ਪ੍ਰਚਾਰ ਹਾਸਲ ਕਰਨ ਲਈ ਹੈ।
ਪਟੋਲੇ ਨੇ ਬੀਤੇ ਦਿਨ ਕਿਹਾ ਸੀ ਕਿ ਜੇਕਰ ਅਦਾਕਾਰ ਅਮਿਤਾਭ ਬੱਚਨ ਅਤੇ ਅਕਸ਼ੈ ਕੁਮਾਰ ਪੈਟਰੋਲ ਕੀਮਤਾਂ ’ਚ ਵਾਧੇ ਖ਼ਿਲਾਫ਼ ਕੋਈ ਸਟੈਂਡ ਨਹੀਂ ਲੈਂਦੇ ਤਾਂ ਮਹਾਰਾਸ਼ਟਰ ’ਚ ਉਨ੍ਹਾਂ ਦੀਆਂ ਫਿਲਮਾਂ ਦੀ ਸਕਰੀਨਿੰਗ ਤੇ ਸ਼ੂਟਿੰਗ ਨਹੀਂ ਹੋਣ ਦਿੱਤੀ ਜਾਵੇਗੀ। ਇਸ ਦੀ ਆਲੋਚਨਾ ਕਰਦਿਆਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਫੜਨਵੀਸ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਕਾਂਗਰਸ ਆਗੂ ਦਾ ਬਿਆਨ ਪ੍ਰਚਾਰ ਹਾਸਲ ਕਰਨ ਲਈ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਇਸ ਜਵਾਬ ਦਿੰਦਿਆਂ ਪਟੋਲੇ ਨੇ ਕਿਹਾ, ‘ਫੜਨਵੀਸ ਨਕਾਰਾਤਮਕ ਵਿਚਾਰ ਨਾਲ ਬਿਆਨ ਦੇ ਰਹੇ ਹਨ ਇਸ ਲਈ ਉਨ੍ਹਾਂ ਦੇ ਬਿਆਨ ਨੂੰ ਦਿਲ ’ਤੇ ਲੈਣ ਦੀ ਲੋੜ ਨਹੀਂ ਹੈ।’ ਉਨ੍ਹਾਂ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਬਿਆਨ ਨਾਲ ਭਾਜਪਾ ਇੰਨੀ ਘਬਰਾ ਕਿਉਂ ਰਹੀ ਹੈ। -ਪੀਟੀਆਈ