ਨਵੀਂ ਦਿੱਲੀ, 3 ਫਰਵਰੀ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਇਸ ਮਹੀਨੇ ਦੇ ਅਖੀਰ ਵਿੱਚ ਮੈਲਬਰਨ ਵਿੱਚ ਮੀਟਿੰਗ ਹੋਣ ਦੀ ਸੰਭਾਵਨਾ ਹੈ। ਕੁਆਡ ਦੇ ਵਿਦੇਸ਼ ਮੰਤਰੀਆਂ ਨੇ ਆਖਰੀ ਵਾਰ ਫਰਵਰੀ 2021 ’ਚ ਡਿਜੀਟਲ ਢੰਗ ਨਾਲ ਮੀਟਿੰਗ ਕੀਤੀ ਸੀ। ਕੁਆਡ ’ਚ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਪਾਨ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਅਗਲੀ ਮੀਟਿੰਗ ਇਸ ਮਹੀਨੇ ਦੇ ਅਖੀਰ ਵਿੱਚ ਮੈਲਬਰਨ ’ਚ ਹੋਣ ਦੀ ਉਮੀਦ ਹੈ। ਅਸੀਂ ਜਲਦੀ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਾਂਗੇ।’ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ 50 ਹਜ਼ਾਰ ਟਨ ਕਣਕ ਦੀ ਸਪਲਾਈ ਦੇ ਵੱਖਰੇ ਸਵਾਲ ਦੇ ਜਵਾਬ ’ਚ ਬਾਗਚੀ ਨੇ ਕਿਹਾ ਕਿ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ।