ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਮਈ
ਇੱਥੋਂ ਦੇ ਸਿਵਲ ਹਸਪਤਾਲ ਦੇ ਡਾਕਟਰ ਮਰੀਜ਼ਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਨ ਦੀ ਥਾਂ ਮਰੀਜ਼ਾਂ ਨੂੰ ਆਪਣੇ ਨਿੱਜੀ ਹਸਪਤਾਲਾਂ ’ਚ ਰੈਫਰ ਕਰ ਰਹੇ ਹਨ। ਕਵਿਤਾ ਵਾਸੀ ਫਰੈਂਡਜ ਕਲੋਨੀ ਨੇ ਕਿਹਾ ਕਿ ਉਹ ਆਪਣੀ ਧੀ ਅਰਾਧਿਆ ਨੂੰ ਲੈ ਕੇ ਬੱਚਿਆਂ ਦੇ ਮਾਹਿਰ ਡਾਕਟਰ ਅਰਜੁਨ ਭੱਲਾ ਕੋਲ ਗਈ। ਉਸ ਨੇ ਕਿਹਾ ਕਿ ਉਸ ਦੀ ਬੱਚੀ ਮਹਿਜ ਤੇਰਾਂ ਦਿਨਾਂ ਦੀ ਹੈ, ਜਿਸ ਨੂੰ ਪੀਲੀਆ ਦੀ ਸ਼ਿਕਾਇਤ ਸੀ। ਡਾਕਟਰ ਨੇ ਉਸ ਨੂੰ ਕਿਹਾ ਕਿ ਤੁਸੀਂ ਇਸ ਨੂੰ ਜਲਦ ਤੋਂ ਜਲਦ ਕਿਸੇ ਹਸਪਤਾਲ ’ਚ ਦਾਖਲ ਕਰਵਾ ਲਓ ਤੇ ਓਪੀਡੀ ਪਰਚੀ ਪਿੱਛੇ ਆਪਣੇ ਜੀਟੀਬੀ ਮਾਰਕੀਟ ਦੇ ਕਲੀਨਿਕ ਦਾ ਪਤਾ ਤੇ ਫੋਨ ਨੰਬਰ ਲਿਖ ਦਿੱਤਾ। ਜਦੋਂ ਉਸ ਨੇ ਪੁੱਛਿਆ ਕੀ ਤੁਸੀਂ ਇਥੇ ਨਹੀਂ ਇਲਾਜ ਕਰ ਸਕਦੇ ਤਾਂ ਉਸ ਨੇ ਕਿਹਾ ਤੁਸੀਂ ਉਸ ਦੇ ਨਿੱਜੀ ਕਲੀਨਿਕ ’ਚ ਬੱਚੀ ਨੂੰ ਦਾਖਲ ਕਰਵਾਓ। ਖਰਚਾ ਪੁੱਛਣ ’ਤੇ ਡਾਕਟਰ ਨੇ ਕਿਹਾ ਕਿ ਚਾਰ ਹਜ਼ਾਰ ਰੁਪਏ ਪ੍ਰਤੀ ਦਿਨ ਦਾ ਖਰਚਾ ਹੋਵੇਗਾ ਤੇ ਤਿੰਨ ਦਿਨ ਦਾਖਲ ਰਹਿਣਾ ਪਵੇਗਾ ਕਿਉਂਕਿ ਸਰਕਾਰੀ ਹਸਪਤਾਲ ’ਚ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਸਬੰਧੀ ਜਦੋਂ ਪੱਤਰਕਾਰ ਨੇ ਡਾਕਟਰ ਭੱਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੱਤਰਕਾਰ ਦਾ ਫੋਨ ਖੋਹ ਕੇ ਸੁੱਟ ਦਿੱਤਾ ਤੇ ਕਿਹਾ ਕਿ ਮਰੀਜ਼ਾਂ ਦੇ ਕਹਿਣ ’ਤੇ ਹੀ ਹਸਪਤਾਲ ਦਾ ਪਤਾ ਤੇ ਨੰਬਰ ਲਿਖ ਕੇ ਦਿੱਤਾ ਸੀ। ਉੱਧਰ ਐੱਸਐੱਮਓ ਡਾ.ਸਤਪਾਲ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਜ਼ਰੂਰ ਮਿਲੀ ਹੈ ਪਰ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਉਪਰੰਤ ਹੀ ਮਾਮਲੇ ਦੀ ਜਾਂਚ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ। ਐੱਸਡੀਐਮ ਮਨਜੀਤ ਕੌਰ ਨੇ ਕਿਹਾ ਕਿ ਐੱਸਐੱਮਓ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਣਕਾਰੀ ਉਪਰੰਤ ਕਾਰਵਾਈ ਕੀਤੀ ਜਾਵੇਗੀ।