ਸਤਵਿੰਦਰ ਬਸਰਾ
ਲੁਧਿਆਣਾ, 16 ਮਈ
ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਕਥਿਤ ਤੌਰ ’ਤੇ ਨਕਲ ਕਰਵਾਉਣ ਲਈ ਦਬਾਅ ਪਾਉਣ ਵਾਲੀ ਸੁਪਰਡੈਂਟ ਵੱਲੋਂ ਬਣਾਈ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ‘ਨਕਲ ਖਤਮ ਕਰਨ ਦੇ ਦਾਅਵਿਆਂ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਆਲੀ ਖੁਰਦ ਦੇ ਸਰਕਾਰੀ ਸਕੂਲ ਵਿੱਚ ਪ੍ਰੀਖਿਆ ਸੁਪਰਡੈਂਟ ਵਜੋਂ ਸੇਵਾ ਦੇਣ ਵਾਲੇ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਉਸ ’ਤੇ ਨਕਲ ਕਰਵਾਉਣ ਲਈ ਕਥਿਤ ਤੌਰ ’ਤੇ ਦਬਾਅ ਪਾਇਆ ਜਾ ਰਿਹਾ ਸੀ। ਜਦੋਂ ਉਸ ਨੇ ਅਧਿਆਪਕਾਂ ਨੂੰ ਨਕਲ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸ ’ਤੇ ਪੇਪਰ ਦੇਰ ਨਾਲ ਸ਼ੁਰੂ ਕਰਨ ਅਤੇ ਜਲਦੀ ਲੈਣ ਦਾ ਕਥਿਤ ਦੋਸ਼ ਲਗਾਉਂਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਜਦੋਂ ਉਸ ਨੇ ਵੀਡੀਓ ਬਣਾ ਕੇ ਉਨ੍ਹਾਂ ਅਧਿਆਪਕਾਂ ਦਾ ਨਾਮ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਚਲੇ ਗਏ। ਉੱਧਰ ਨਕਲ ਵਿਰੋਧੀ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਬੋਰਡ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ ਅਜਿਹੇ ਸਕੂਲਾਂ ਦੇ ਅਧਿਆਪਕ ਜਿਹੜੇ 100 ਫ਼ੀਸਦ ਨਤੀਜਾ ਲਿਆਉਣ ਦੀ ਹੋੜ ’ਚ ਨਕਲ ਕਰਵਾਉਂਦੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਹੋਣ ਕਰਕੇ ਖਬਰ ਲਿਖੇ ਜਾਣ ਤੱਕ ਗੱਲ ਨਹੀਂ ਹੋ ਸਕੀ। ਡਿਪਟੀ ਡੀਈਓ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਵਿੱਚੋਂ ਨਕਲ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਆਉਣ ’ਤੇ ਸਭ ਕੁਝ ਸਾਫ ਹੋ ਜਾਵੇਗਾ।