ਹਰਜੀਤ ਸਿੰਘ
ਜ਼ੀਰਕਪੁਰ, 2 ਮਾਰਚ
ਇੱਥੋਂ ਦੇ ਛੱਤਬੀੜ ਚਿੜੀਆਘਰ ਵਿੱਚ ਸ਼ੇਰ ਅਤੇ ਹਿਰਨ ਸਫ਼ਾਰੀ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਛੱਤਬੀੜ ਦੇ ਪ੍ਰਬੰਧਕਾਂ ਵੱਲੋਂ ਕਰੋਨਾ ਮਹਾਮਾਰੀ ਕਾਰਨ ਲੰਮੇ ਸਮੇਂ ਤੋਂ ਸ਼ੇਰ ਅਤੇ ਹਿਰਨ ਸਫ਼ਾਰੀ ਨੂੰ ਸੈਲਾਨੀਆਂ ਲਈ ਬੰਦ ਰੱਖਿਆ ਹੋਇਆ ਸੀ। ਸ਼ੇਰ ਅਤੇ ਹਿਰਨ ਸਫ਼ਾਰੀ ਖੁੱਲ੍ਹਣ ਦੇ ਅੱਜ ਦੂਜੇ ਦਿਨ ਸੈਲਾਨੀਆਂ ਵਿੱਚ ਖੁੱਲ੍ਹੇ ਸ਼ੇਰਾਂ ਨੂੰ ਦੇਖਣ ਲਈ ਭਾਰੀ ਉਤਸ਼ਾਹ ਦੇਖਣ ਨੂੂੰ ਮਿਲਿਆ। ਜਾਣਕਾਰੀ ਅਨੁਸਾਰ ਕਰੋਨਾ ਕਾਰਨ ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਸ਼ੇਰ ਅਤੇ ਹਿਰਨ ਸਫ਼ਾਰੀ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਕਰੋਨਾ ਦਾ ਕਹਿਰ ਵਧਦਾ ਦੇਖਕੇ ਲੰਘੇ ਸਮੇਂ ਦੌਰਾਨ ਕਈ ਵਾਰ ਛੱਤਬੀੜ ਚਿੜੀਆਘਰ ਨੂੰ ਵੀ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਕਰੋਨਾ ਦਾ ਪ੍ਰਕੋਪ ਘਟਣ ਦੇ ਮੱਦੇਨਜ਼ਰ ਸੈਲਾਨੀਆਂ ਦੀ ਸਮਰੱਥਾ ਨੂੰ 50 ਤੋਂ ਵਧਾ ਕੇ 75 ਫੀਸਦੀ ਕਰ ਦਿੱਤੀ ਗਿਆ ਹੈ। ਇਸ ਮਗਰੋਂ ਛੱਤਬੀੜ ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ 1 ਮਾਰਚ ਤੋਂ ਸ਼ੇਰ ਅਤੇ ਹਿਰਨ ਸਫਾਰੀ ਵੀ ਸੈਲਾਨੀਆਂ ਲਈ ਖੋਲ੍ਹ ਦਿੱਤੀ ਗਈ ਹੈ। ਇਸ ਸਬੰਧੀ ਛੱਤਬੀੜ ਚਿੜੀਆਘਰ ਦੇ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਸੈਲਾਨੀ ਸ਼ੇਰ ਅਤੇ ਹਿਰਨ ਸਫ਼ਾਰੀ ਵਿੱਚ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਦੀ ਸ਼ੇਰ ਸਫ਼ਾਰੀ ਵਿੱਚ ਤਿੰਨ ਖੁੱਲ੍ਹੇ ਸ਼ੇਰ ਹਨ ਜਦਕਿ ਹਿਰਨ ਸਫ਼ਾਰੀ ਵਿੱਚ ਵੱਖ-ਵੱਖ ਨਸਲਾਂ ਦੇ ਹਿਰਨ ਮੌਜੂਦ ਹਨ। ਇਨ੍ਹਾਂ ਵਿੱਚ ਦੋ ਯੁਵਰਾਜ ਨਰ ਅਤੇ ਇੱਕ ਮਾਦਾ ਸ਼ਿਲਪਾ ਸ਼ੇਰ ਸ਼ਾਮਲ ਹਨ।