ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਪਰੈਲ
2364 ਈਟੀਟੀ ਅਸਾਮੀਆਂ ’ਤੇ ਭਰਤੀ ਹੋਣ ਦੇ ਚਾਰ ਮਹੀਨੇ ਬੀਤ ਜਾਣ ਮਗਰੋਂ ਵੀ ਨਿਯੁਕਤੀ ਪੱਤਰ ਨਾ ਮਿਲਣ ਤੋਂ ਖਫ਼ਾ ਅਧਿਆਪਕਾਂ ਵੱਲੋਂ ਇਥੇ ਵਿਸ਼ਾਲ ਰੋਸ ਮਾਰਚ ਕਰਦਿਆਂ ਪਹਿਲਾਂ ਲਾਲ ਬੱਤੀ ਚੌਕ ’ਚ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਬਾਅਦ ’ਚ ਸਥਾਨਕ ਰੈਸਟ ਹਾਊਸ ਅੱਗੇ ਰੋਸ ਧਰਨਾ ਦਿੱਤਾ ਗਿਆ।
ਪ੍ਰਦਰਸ਼ਨਕਾਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ 2364 ਈਟੀਟੀ ਅਸਾਮੀਆਂ ’ਤੇ ਚੁਣੇ ਗਏ ਅਧਿਆਪਕ ਸਥਾਨਕ ਬੀਐੱਸਐੱਨਐੱਲ ਪਾਰਕ ’ਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਬੱਸ ਸਟੈਂਡ ਕੋਲ ਲਾਲ ਬੱਤੀ ਚੌਕ ਪੁੱਜੇ ਜਿਥੇ ਆਵਾਜਾਈ ਠੱਪ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮਗਰੋਂ ਪ੍ਰਦਰਸ਼ਨਕਾਰੀ ਰੋਸ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਨੂੰ ਮਿਲਣ ਸਰਕਾਰੀ ਰੈਸਟ ਹਾਊਸ ਅੱਗੇ ਪੁੱਜੇ ਜਿਥੇ ਰੋਸ ਧਰਨਾ ਦੇ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਰਸ਼ਦੀਪ ਸਿੰਘ ਫਰੀਦਕੋਟ, ਰਾਮ ਸਿੰਘ ਮੋਗਾ, ਧੀਰਜ ਕੁਮਾਰ ਮੁਹਾਲੀ, ਜਗਜੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਕੌਰ ਆਦਿ ਨੇ ਕਿਹਾ ਕਿ 2364 ਈਟੀਟੀ ਅਸਾਮੀਆਂ ’ਤੇ ਅਧਿਆਪਕਾਂ ਦੀ ਭਰਤੀ ਐਨਸੀਟੀਈ ਦੁਆਰਾ ਬਣਾਏ ਨਿਯਮਾਂ ਤਹਿਤ ਕੀਤੀ ਗਈ ਹੈ। ਵਿਭਾਗ ਵੱਲੋਂ 6 ਮਾਰਚ 2020 ਨੂੰ 2364 ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਜਿਸਦੀ ਲਿਖਤੀ ਪ੍ਰੀਖਿਆ 29 ਨਵੰਬਰ 2020 ਨੂੰ ਲਈ ਗਈ ਤੇ ਨਤੀਜਾ 5 ਦਸੰਬਰ 2020 ਨੂੰ ਐਲਾਨਿਆ ਗਿਆ। ਇਸ ਮਗਰੋਂ ਸਕਰੂਟਨੀ ਪ੍ਰੋਸੈਸ 24 ਦਸੰਬਰ 2020 ਤੱਕ ਮੁਕੰਮਲ ਕੀਤਾ ਗਿਆ ਜਿਸਨੂੰ ਚਾਰ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕੁਝ ਪ੍ਰੀਖਿਆਰਥੀਆਂ ਵੱਲੋਂ ਭਰਤੀ ’ਚ ਸ਼ਾਮਲ ਹੋਣ ਲਈ ਗਲਤ ਵਿਰੋਧ ਕੀਤਾ ਜਾ ਰਿਹਾ ਹੈ ਜੋ ਭਰਤੀ ਦੀ ਕੱਟ ਆਫ਼ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੇ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀ ਲਈ ਚੁਣੇ ਜਾਣ ’ਤੇ ਉਨ੍ਹਾਂ ਨੂੰ ਨਿੱਜੀ ਸਕੂਲਾਂ ਵੱਲੋਂ ਵੀ ਜਵਾਬ ਦੇ ਦਿੱਤਾ ਗਿਆ ਹੈ। ਹੁਣ ਤੱਕ ਉਹ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਨਿਯੁਕਤੀ ਪੱਤਰ ਦੀ ਮੰਗ ਲਈ ਪੱਤਰ ਸੌਂਪ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਸੰਦੀਪ ਕੁਮਾਰ, ਅੰਜੂ ਬਾਲਾ, ਉਮੇਸ਼ ਆਦਿ ਅਨੇਕਾਂ ਅਧਿਆਪਕ ਮੌਜੂਦ ਸਨ।