ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 1 ਦਸੰਬਰ
ਥਾਣਾ ਫੂਲ ਦੀ ਪੁਲੀਸ ਨੇ ਪਿੰਡ ਰਾਈਆ ਦੇ ਪਿਉ-ਪੁੱਤਰ ਉਪਰ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮ੍ਰਿਤਕ ਸਤਨਾਮ ਸਿੰਘ ਦੇ ਪਿਤਾ ਰਣਧੀਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਲੜਕੇ ਸਤਨਾਮ ਸਿੰਘ ਦੀ ਆਪਣੇ ਗੁਆਂਢੀ ਬੱਗਾ ਖਾਨ ਨਾਲ ਇੱਕ ਸਾਲ ਪਹਿਲਾਂ ਕਿਸੇ ਗੱਲੋਂ ਤਕਰਾਰ ਹੋਈ ਸੀ। ਬੱਗਾ ਖਾਨ ਸਤਨਾਮ ਸਿੰਘ ਨਾਲ ਰੰਜਿਸ਼ ਰੱਖਦਾ ਸੀ। ਉਸਦਾ ਲੜਕਾ ਕਿਸੇ ਕੰਮ ਲਈ ਪਿੰਡ ਵਿੱਚ ਕਿਸੇ ਦੇ ਘਰ ਗਿਆ ਸੀ ਪਰ ਉਹ ਦੇਰ ਸ਼ਾਮ ਤਕ ਘਰ ਨਹੀਂ ਆਇਆ। ਉਹ ਘਰੋਂ ਬਾਹਰ ਆ ਕੇ ਉਸ ਦੀ ਉਡੀਕ ਕਰਨ ਲੱਗੇ। ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਜੀਤਾ ਖਾਨ ਪੁੱਤਰ ਦੀਨਾ ਖਾਨ ਅਤੇ ਉਸਦੇ ਲੜਕੇ ਬੱਗਾ ਖਾਨ ਜੋ ਆਪਣੇ ਘਰ ਅੱਗੇ ਖੜ੍ਹੇ ਸਨ ਨੇ ਉਸ ਦੇ ਪੁੱਤਰ ਸਤਨਾਮ ਸਿੰਘ ਉਪਰ ਕਿਰਚ ਨਾਲ ਹਮਲਾ ਕੀਤਾ ਤੇ ਫਰਾਰ ਹੋ ਗਏ। ਉਹ ਸਤਨਾਮ ਨੂੰ ਤੁਰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ।