ਪੱਤਰ ਪ੍ਰੇਰਕ
ਜ਼ੀਰਾ, 16 ਮਈ
ਲੋਕਾਂ ਨੂੰ ਡੇਂਗੂ ਤੋਂ ਜਾਗਰੂਕ ਕਰਨ ਲਈ ਬਲਾਕ ਪੀਐੱਚਸੀ ਕੱਸੋਆਣਾ ਵਿੱਚ ਸਿਹਤ ਵਰਕਰਾਂ ਵੱਲੋਂ ਕੌਮੀ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਡੇਂਗੂ ਤੋਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਡਾ. ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀਐੱਚਸੀ ਕੱਸੋਆਣਾ ਨੇ ਦੱਸਿਆ ਕਿ ਦੇਸ਼ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਡੇਂਗੂ ਦਾ ਖਤਰਾ ਵਧ ਜਾਂਦਾ ਹੈ, ਇਸ ਸਾਲ ਕੌਮੀ ਡੇੇਂਗੂ ਦਿਵਸ ‘ਡੇਂਗੂ ਰੋਕਥਾਮ ਯੋਗ ਹੈ ,ਆਓ ਹੱਥ ਮਿਲਾਈਏ’ ਦੇ ਥੀਮ ਹੇਠ ਮਨਾਇਆ ਜਾ ਰਿਹਾ ਹੈ। ਡਾ. ਕਰਨਬੀਰ ਸਿੰਘ ਅਤੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਮੂੰਹ ਤੇ ਛਾਤੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਮਸੂੜਿਆ ਤੇ ਨੱਕ ਵਿੱਚੋਂ ਖੂਨ ਦਾ ਵਗਣਾ ਹੈ।
ਮਾਨਸਾ (ਪੱਤਰ ਪ੍ਰੇਰਕ): ਪੀਐੱਚਸੀ, ਸੀਐੱਚਸੀ ਸਬ ਸੈਂਟਰ ਅਤੇ ਪਿੰਡ ਪੱਧਰ ’ਤੇ ਕੈਂਪ ਲਗਾ ਕੇ ਵੱਖ-ਵੱਖ ਥਾਵਾਂ ’ਤੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਡਾ. ਰਣਜੀਤ ਸਿੰਘ ਰਾਏ ਨੇ ਇਥੇ ਦੱਸਿਆ ਕਿ ਘਰਾਂ, ਛੱਤਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜਾ ਹੋਣ ਨਹੀਂ ਦੇਣਾ ਚਾਹੀਦਾ ਜਿਵੇਂ ਕਿ ਘਰਾਂ ਵਿੱਚ ਛੱਤਾਂ ’ਤੇ ਪਏ ਟਾਇਰ, ਗਮਲੇ, ਟੂਟੇ ਬਰਤਨ, ਘੜੇ ਅਤੇ ਫਰਿੱਜ ਦੀ ਟਰੇਅ ਨੂੰ ਸਮੇਂ-ਸਮੇਂ ’ਤੇ ਸਾਫ਼ ਕਰਨਾ ਚਾਹੀਦਾ ਹੈ।
ਕੌਮੀ ਡੇਂਗੂ ਦਿਵਸ ਮਨਾਇਆ
ਗਿੱਦੜਬਾਹਾ (ਪੱਤਰ ਪ੍ਰੇਰਕ): ਅੱਜ ਇਥੇ ਸੀਏਸੀ ਪਿੰਡ ਦੋਦਾ ਅਤੇ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਪਿੰਡ ਦੋਦਾ ਵਿੱਚ ਉਚੇਚੇ ਤੌਰ ’ਤੇ ਪੁੱਜੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਐੱਸਐੱਮਓ ਡਾ. ਦੀਪਕ ਰਾਏ ਨੇ ਹਾਜ਼ਰੀਨ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣ, ਇਨ੍ਹਾਂ ਤੋਂ ਬਚਾਅ ਅਤੇ ਦਵਾਈ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਚੀਮਾ, ਸਿਹਤ ਇੰਸਪੈਕਟਰ ਚਰਨਜੀਤ ਸਿੰਘ, ਜਸਵਿੰਦਰ ਸਿੰਘ ਜੱਸੀ ਤੋਂ ਇਲਾਵਾ ਦੋਦਾ ਵਿਖੇ ਸੁਖਮੰਦਰ ਸਿੰਘ ਐਮਈਓ, ਲਾਲ ਚੰਦ ਐਸਆਈ, ਰਣਜੀਤ ਸਿੰਘ ਅਤੇ ਗੁਰਤੇਜ਼ ਸਿੰਘ ਆਦਿ ਵੀ ਮੌਜੂਦ ਸਨ।