ਹਰਪ੍ਰੀਤ ਕੌਰ
ਹੁਸ਼ਿਆਰਪੁਰ, 5 ਜਨਵਰੀ
ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਥਾਨਾ ਪਿੰਡ ਵਿਚ ਕੁਦਰਤੀ ਜਾਗਰੂਕਤਾ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਥਾਨਾ ਨੇਚਰ ਰਿਟਰੀਟ ਅਤੇ ਜੰਗਲ ਸਫ਼ਾਰੀ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਿਚ 3 ਲੇਕ ਫੇਸਿੰਗ ਈਕੋ ਟੈਂਟ, ਬੋਟਿੰਗ ਅਤੇ ਜੰਗਲ ਸਫਾਰੀ ਜਿਪਸੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਉਪ ਪਹਾੜੀ ਸ਼੍ਰੇਣੀਆਂ ਵਿਚ ਇਸ ਪ੍ਰਕਾਰ ਦਾ ਸਾਹਸ ਆਧਾਰਤ ਈਕੋ ਟੂਰਿਜ਼ਮ ਆਪਣੀ ਤਰ੍ਹਾਂ ਦਾ ਵਿਲੱਖਣ ਪ੍ਰਾਜੈਕਟ ਹੈ। ਪੰਜਾਬ ਦੇ ਵਣ ਵਿਭਾਗ ਨੇ ਥਾਨਾ ਰਿਜ਼ਰਵ ਝੀਲ ਦੇ ਸਾਹਮਣੇ ਸ਼ਾਂਤ ਅਤੇ ਇਕਾਂਤ ਥਾਨਾ ਅਤੇ ਦੇਹਰੀਆਂ ਦੇ ਜੰਗਲਾਂ ਵਿਚ ਥਾਣਾ ਨੇਚਰ ਰਿਟਰੀਟ ਨਾਮ ਨਾਲ ਇਕ ਸ਼ਿਵਰ ਸਥਾਪਤ ਕੀਤਾ ਹੈ। ਪ੍ਰਵੀਨ ਕੁਮਾਰ ਆਈ.ਐਫ.ਐਸ ਪੀ.ਸੀ.ਸੀ ਐਫ (ਐਚ.ਓ.ਐਫ.ਐਫ) ਪੰਜਾਬ ਨੇ ਕਿਹਾ ਕਿ ਇਸ ਜੰਗਲ ਵਿਚ ਇਕ ਪ੍ਰਾਚੀਨ ਸੁੰਦਰਤਾ ਹੈ ਅਤੇ ਥਾਨਾ ਝੀਲ ਦੇ ਸਾਹਮਣੇ ਦਾ ਦ੍ਰਿਸ਼ ਕੁਦਰਤੀ ਪ੍ਰੇਮੀਆਂ ਲਈ ਇਕ ਖੁਬਸੂਰਤ ਰੰਗਤ ਫੈਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਆਫ਼ ਰੋਡ ਜਿਪਸੀਆਂ ਦੇ ਨਾਲ ਇਕ ਸਮਰਪਿਤ ਜੰਗਲ ਸਫ਼ਾਰੀ ਦੀ ਵੀ ਅੱਜ ਸ਼ੁਰੂਆਤ ਹੋਈ ਹੈ ਜੋ ਥਾਨਾ ਤੋਂ ਦੇਹਰੀਆਂ ਨੂੰ ਕੂਕਾਨੇਟ ਨਾਲ ਜੋੜਦੀ ਹੈ। ਜ਼ਿਕਰਯੋਗ ਹੈ ਕਿ ਜਿੱਥੇ ਥਾਨਾ ਤੋਂ ਦੇਹਰੀਆਂ ਤੱਕ 7 ਕਿਲੋਮੀਟਰ ਦਾ ਟਰੈਕ ਰੇਤ ਦੇ ਟਿੱਬਿਆਂ ਰਾਹੀਂ ਸੋਹਣੀ ਸਵਾਰੀ ਪ੍ਰਦਾਨ ਕਰਦਾ ਹੈ ਉਥੇ ਦੇਹਰੀਆਂ ਤੋਂ ਕੂਕਾਨੇਟ ਤੱਕ ਦੀ 5 ਕਿਲੋਮੀਟਰ ਦੀ ਦੂਰੀ, ਜਿੱਥੇ ਕਿ ਪਾਣੀ ਦਾ ਵਹਾਅ ਪੂਰਾ ਸਾਲ ਰਹਿੰਦਾ ਹੈ। ਵਣ ਵਿਭਾਗ ਦੇ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਇਸ ਹਲਕੇ ਦੇ ਈਕੋ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।