ਪੱਤਰ ਪ੍ਰੇਰਕ
ਤਰਨ ਤਾਰਨ, 2 ਫਰਵਰੀ
ਹੱਡਚੀਰਵੀਂ ਠੰਢ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ| ਇਲਾਕੇ ਦੇ ਪਿੰਡਾਂ ਅੰਦਰ ਥਾਂ-ਥਾਂ ਲੋਕ ਅੱਗ ਸੇਕਦੇ ਦੇਖਣ ਨੂੰ ਮਿਲੇ| ਇਸ ਠੰਢ ਨਾਲ ਜਿਥੇ ਵਡੇਰੀ ਦੇ ਉਮਰ ਦੇ ਵਿਅਕਤੀਆਂ ਨੂੰ ਸਵੇਰ ਵੇਲੇ ਬਿਸਤਰੇ ਤੋਂ ਉੱਠਣ ਲਈ ਚੋਖੇ ਹੰਭਲੇ ਮਾਰਨੇ ਪੈਂਦੇ ਹਨ ਉਥੇ ਦਿਨ ਭਰ ਵੀ ਕੰਮ ਕਰਨ ਦੀ ਰਫਤਾਰ ’ਤੇ ਇਸਦਾ ਅਸਰ ਦੇਖਣ ਨੂੰ ਮਿਲਦਾ ਹੈ| ਉਸਾਰੀ ਦੇ ਕੰਮ ਕਰਦੇ ਮਜ਼ਦੂਰਾਂ ਦੇ ਆਗੂ ਜਸਬੀਰ ਸਿੰਘ ਕੈਰੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਦਿਹਾੜੀ ’ਤੇ ਜਾਣ ਲਈ ਪਹਿਲਾਂ ਸਾਈਕਲਾਂ ’ਤੇ ਤਰਨ ਤਾਰਨ ਆਉਣਾ ਪੈਂਦਾ ਹੈ ਫਿਰ ਠੰਢ ਤੋਂ ਰਾਹਤ ਲੈਣ ਲਈ ਥੋੜ੍ਹਾ ਚਿਰ ਲਈ ਅੱਗ ਸੇਕਦੇ ਹਨ ਜਿਸ ਨਾਲ ਕਈ ਵਾਰ ਦੇਰ ਹੋ ਜਾਣ ਕਰਕੇ ਉਨ੍ਹਾਂ ਦੀ ਦਿਹਾੜੀ ਜਾਂਦੀ ਰਹਿੰਦੀ ਹੈ|
ਜੋਧਪੁਰ ਪਿੰਡ ਦੀ ਸੱਥ ਵਿੱਚ ਸ਼ਾਮ ਵੇਲੇ ਅੱਗ ਸੇਕਦੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਕੰਮਾਂ ਆਦਿ ਤੋਂ ਪਰਤ ਕੇ ਰੋਜ਼ਾਨਾ ਕਰੀਬ ਡੇਢ ਘੰਟਾਂ ਤੱਕ ਅੱਗ ਸੇਕਦੇ ਹਨ ਅਤੇ ਜਿਵੇਂ ਹੀ ਉਨ੍ਹਾਂ ਦਾ ਸ਼ਰੀਰ ਗਰਮੀ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਘਰਾਂ ਨੂੰ ਜਾਂਦੇ ਹਨ| ਸਮੋਸੇ, ਟਿੱਕੀ ਆਦਿ ਦੇ ਇਕ ਰੇਹੜੀ ਵਾਲੇ ਜਗਨ ਨਾਥ ਨੇ ਕਿਹਾ ਕਿ ਇਹ ਮੌਸਮ ਉਨ੍ਹਾਂ ਲਈ ਕਾਫੀ ਗਾਹਕੀ ਵਾਲਾ ਹੁੰਦਾ ਹੈ| ਲੋਕ ਗਰਮ-ਗਰਮ ਸਮੋਸੇ ਆਦਿ ਖਾ ਕੇ ਅਨੰਦ ਮਾਣਦੇ ਹਨ|
ਇਲਾਕੇ ਦੇ ਪਿੰਡ ਅਲਾਦੀਨਪੁਰ ਵਿੱਚ ਫਰਨੀਚਰ ਦੀ ਦੁਕਾਨਦਾਰ ਦੇ ਮਾਲਕ ਜਸ਼ਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਰੀਗਰ ਸਵੇਰ ਵੇਲੇ ਕੰਮ ’ਤੇ ਦੇਰ ਨਾਲ ਆਉਂਦੇ ਹਨ ਜਿਸ ਨਾਲ ਉਨ੍ਹਾਂ ਦੇ ਕੰਮ ’ਤੇ ਅਸਰ ਪੈਂਦਾ ਹੈ| ਰਸੂਲਪੁਰ ਦੇ 63 ਸਾਲਾ ਗੁਰਨਾਮ ਸਿੰਘ ਨੇ ਕਿਹਾ ਕਿ ਅੱਜ ਰਾਤ ਬਾਰਸ਼ ਦਾ ਅਨੁਮਾਨ ਆਉਣ ਕਰਕੇ ਉਹ ਸ਼ਾਮ ਵੇਲੇ ਹੀ ਪਸ਼ੂਆਂ ਲਈ ਚਾਰਾ ਆਦਿ ਲੈ ਆਵੇਗਾ ਅਤੇ ਪੱਠੇ ਲਿਆ ਕੇ ਬਿਸਤਰੇ ਵਿੱਚ ਜਾ ਬੈਠੇਗਾ| ਉਸ ਨੇ ਕਿਹਾ ਕਿ ਠੰਢ ਦੂਰ ਕਰਨ ਲਈ ਉਹ ਜਾਂ ਤਾਂ ਅੱਗ ਸੇਕਦਾ ਹੈ ਅਤੇ ਜਾਂ ਫਿਰ ਬਿਸਤਰੇ ਵਿੱਚ ਜਾ ਬੈਠਦਾ ਹੈ| ਸਥਾਨਕ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਠੰਢ ਤੋਂ ਬਚਾਅ ਕਰਨ ਲਈ ਆਮ ਲੋਕਾਂ ਨੂੰ ਸਮੇਂ ਸਿਰ ਘਰ ਆ ਕੇ ਕੋਸੇ ਪਾਣੀ ਨਾਲ ਹੱਥ-ਮੂੰਹ ਆਦਿ ਧੋਣੇ ਚਾਹੀਦੇ ਹਨ ਜਿਸ ਨਾਲ ਸ਼ਰੀਰ ਦੀ ਥਕਾਵਟ ਆਦਿ ਉਤਰ ਜਾਂਦੀ ਹੈ ਤੇ ਸਰਦੀ ਤੋਂ ਵੀ ਰਾਹਤ ਮਹਿਸੂਸ ਹੁੰਦੀ ਹੈ|
ਠੰਢ ਵਿੱਚ ਧੂਣੀਆਂ ’ਤੇ ਹੋ ਰਹੀ ਹੈ ਚੋਣਾਂ ਦੀਆਂ ਖੁੰਢ ਚਰਚਾ
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ) ਜਿੱਥੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਆਪੋ-ਆਪਣੇ ਨਾਮਜ਼ਦੀ ਕਾਗਜ਼ ਭਰਨ ਮਗਰੋਂ ਸਿਆਸੀ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਉੱਥੇ ਕੜਾਕੇ ਦੀ ਠੰਢ ਵਿੱਚ ਪਿੰਡਾਂ ਦੀਆਂ ਧੂਣੀਆਂ ’ਤੇ ਚੋਣਾਂ ਦੀਆਂ ਖੁੰਢ ਚਰਚਾਵਾਂ ਤੇਜ਼ੀ ਨਾਲ ਚੱਲ ਪਈਆਂ ਹਨ। ਇਸ ਵਾਰੀ ਚੋਣਾਂ ਬੜੀਆਂ ਰੌਚਕ ਦਿਖਾਈ ਦੇ ਰਹੀਆਂ ਹਨ ਜਿੱਥੇ ਪਿੰਡਾਂ ’ਚ ਆਪਣੇ ਚਹੇਤੇ ਉਮੀਦਵਾਰਾਂ ਦੇ ਪੱਖ ਪੂਰੇ ਜਾ ਰਹੇ ਹਨ। ਉਥੇ ਲੋਕਾਂ ’ਚ ਇਸ ਵਾਰੀ ਰਾਜਨੀਤਕ ਲੋਕਾਂ ਨੂੰ ਸਿੱਧੇ ਸਵਾਲ ਕਰਨ ਦੀਆਂ ਵਿਚਾਰਾਂ ਵੀ ਤੇਜ਼ੀ ਨਾਲ ਹੋ ਰਹੀਆਂ ਹਨ। ਕੁਝ ਪਿੰਡਾਂ ਦੀਆਂ ਸੱਥਾਂ ’ਚ ਪੁੱਛਣ ’ਤੇ ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਨੂੰ ਸੀਐੱਮ ਫੇਸ ਦੇ ਮਸਲੇ ’ਚ ਹੀ ਉਲਝਾਈ ਰੱਖਣਾ ਚਾਹੁੰਦੀਆਂ ਹਨ ਜਾਂ ਫਿਰ ਟੀਵੀ ’ਤੇ ਵੀ ਸਿਰਫ ਇੱਕ-ਦੋ ਧਨਾਢ ਲੀਡਰਾਂ ਦੀ ਹੀ ਹੋਟ ਸੀਟ ਦੀ ਲੜਾਈ ਦੱਸ ਕੇ ਧਿਆਨ ਖਿੱਚਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਕੁਝ ਸਿਆਣੇ ਲੋਕਾਂ ਦਾ ਕਹਿਣਾ ਹੈ ਕਿ ਉਹ ਬਾਹਰਲੇ ਹਲਕਿਆਂ ਤੋਂ ਕੀ ਲੈਣਾ। ਅਸੀਂ ਆਪਣੇ ਹਲਕੇ ’ਚ ਹੀ ਦੇਖਾਂਗੇ ਕਿ ਕਿਹੜਾ ਕਹਿਣੀ ਤੇ ਕਰਨੀ ’ਤੇ ਖਰਾ ਉੱਤਰਦਾ ਹੈ ਜਦੋਂਕਿ ਇੰਨੇ ਸਮੇਂ ’ਚ ਤਾਂ ਕਿਸੇ ਕੁਝ ਨਹੀਂ ਸੁਆਰਿਆ। ਇਸ ਹਾਲਤ ’ਚ ਸਿਆਸੀ ਲੋਕ ਵੀ ਬੋਚ-ਬੋਚ ਕੇ ਪੈਰ ਰੱਖ ਰਹੇ ਹਨ ਕਿ ਕਿਤੇ ਇੱਧਰ-ਉੱਧਰ ਨਾ ਮਸਲਾ ਹੋ ਜਾਏ। ਲੋਕ ਸਾਰਿਆਂ ਨੂੰ ਹੀ ਸੁਣ ਰਹੇ ਹਨ ਪਰ ਵੀਹ ਫਰਵਰੀ ਨੂੰ ਹੀ ਬੰਦ ਮੁੱਠੀ ਖੋਲ੍ਹਣਗੇ।