ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 9 ਅਕਤੂਬਰ
ਪ੍ਰਸ਼ਾਸਨ ਵੱਲੋਂ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਸਨਮਾਮ ਕੀਤਾ ਗਿਆ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਅਗਾਂਹਵਧੂ ਅਤੇ ਅਗਾਂਹੂ ਸੋਚ ਰੱਖ ਕੇ ਖੇਤੀ ਨੂੰ ਆਧੁਨਿਕ ਤੇ ਨਵੀਆਂ ਤਕਨੀਕਾਂ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਅਤੇ ਪਰਾਲੀ ਨੂੰ ਬਿਨਾਂ ਅੱਗ ਲਾਏ ਸਾਂਭਣ ਵਾਲੇ ਕਿਸਾਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਹੈ। ਪਰਾਲੀ ਨੂੰ ਸੰਭਾਣ ਵਾਲੇ ਕਿਸਾਨ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 23 ਏਕੜ ਵਿੱਚ ਕਣਕ ਦੀ ਬਿਜਾਈ ਕੀਤੀ ਸੀ, ਜਿਸ ਦਾ ਝਾੜ ਬਹੁਤ ਵਧੀਆ ਨਿਕਲਿਆ ਹੈ। ਕਿਸਾਨ ਜਗਸੀਰ ਸਿੰਘ ਨੇ ਜੀਰੋ ਟਿੱਲ ਡਰਿੱਲ ਵਰਤ ਕੇ ਫਸਲ ਦੀ ਸਫਲ ਕਾਸ਼ਤ ਕੀਤੀ ਤੇ ਉਹ ਪਿਛਲੇ 5 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਹਨ। ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਰੋਟਾਵੇਟਰ ਨਾਲ ਵਹਾਈ ਕਰਕੇ ਜੀਰੋ ਟਿੱਲ ਡਰਿੱਲ ਵਰਤਦਾ ਹੈ। ਇਸ ਤੋਂ ਇਲਾਵਾ ਅਮਰੀਕ ਸਿੰਘ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਤੇ ਹੋਰ ਕਿਸਾਨਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।