ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਗਸਤ
ਸ਼੍ਰੋਮਣੀ ਕਮੇਟੀ ਭਾਈ ਮਰਦਾਨਾ ਦੀ ਯਾਦ ਵਿਚ ਢੁੱਕਵੀਂ ਜਗ੍ਹਾ ’ਤੇ ਸੰਗੀਤ ਅਕਾਦਮੀ ਖੋਲ੍ਹੇਗੀ ਜਿਸ ਵਿੱਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦੀ ਸਿੱਖਿਆ ਦਿੱਤੀ ਜਾਵੇਗੀ। ਇਹ ਖੁਲਾਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਇਹ ਭਰੋਸਾ ਜਥੇਬੰਦੀ ਕਾਫ਼ਿਲਾ-ਏ-ਮੀਰ ਆਲ ਇੰਡੀਆ ਦੇ ਆਗੂਆਂ ਨੂੰ ਦਿੱਤਾ। ਇਸ ਜਥੇਬੰਦੀ ਦੇ ਕਾਰਕੁਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਸਨ। ਇਨ੍ਹਾਂ ਦੇ ਵਫ਼ਦ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਇੱਥੇ ਦਫ਼ਤਰ ’ਚ ਮੁਲਾਕਾਤ ਕੀਤੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਮਰਦਾਨਾ ਗੁਰੂ ਘਰ ਦੇ ਪਹਿਲੇ ਰਬਾਬੀ ਕੀਰਤਨੀਏ ਸਨ, ਜਿਨ੍ਹਾਂ ਨੂੰ ਲੰਮਾ ਸਮਾਂ ਗੁਰੂ ਨਾਨਕ ਦੇਵ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਅਤੇ ਸਿੱਖ ਉਨ੍ਹਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੇ ਹਨ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਭਾਈ ਮਰਦਾਨਾ ਦੀ ਯਾਦ ਵਿੱਚ ਢੁੱਕਵੀਂ ਜਗ੍ਹਾ ’ਤੇ ਸੰਗੀਤ ਅਕਾਦਮੀ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਈ ਮਰਦਾਨਾ ਦੇ ਵਾਰਸਾਂ ਵਿੱਚੋਂ ਚੰਗੀ ਰਬਾਬ ਵਜਾਉਣ ਵਾਲੇ ਅਧਿਆਪਕ ਮਿਲਦੇ ਹਨ ਤਾਂ ਉਨ੍ਹਾਂ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਚਾਰ ਕਰ ਕੇ ਯੋਗ ਫ਼ੈਸਲੇ ਲਏ ਜਾਣਗੇ। ਵਫ਼ਦ ਵਿੱਚ ਕਾਫ਼ਿਲਾ-ਏ-ਮੀਰ ਦੇ ਚੇਅਰਮੈਨ ਬੂਟਾ ਮੁਹੰਮਦ, ਪ੍ਰਧਾਨ ਸਰਦਾਰ ਅਲੀ ਮਤੋਈ, ਵਾਈਸ ਚੇਅਰਮੈਨ ਕਮਲ ਖਾਨ, ਜਨਰਲ ਸਕੱਤਰ ਮਾਸ਼ਾ ਅਲੀ, ਫਿਰੋਜ਼ ਖਾਨ, ਜੀ ਖਾਨ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਪ੍ਰਵੀਨ ਅਖ਼ਤਰ ਆਦਿ ਸ਼ਾਮਲ ਸਨ।
ਸਕੂਲਾਂ ’ਚ ਹੋਵੇਗਾ ਗੁਰਬਾਣੀ ਸ਼ਬਦ ਦਾ ਗਾਇਣ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿੱਚ ਐਜੂਕੇਸ਼ਨ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਸਕੂਲਾਂ-ਕਾਲਜਾਂ ਦੇ ਪ੍ਰਬੰਧਾਂ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਕੂਲਾਂ ਵਿੱਚ ਬੱਚਿਆਂ ਦੀ ਸਵੇਰ ਦੀ ਸਭਾ ਦੌਰਾਨ ਗੁਰਬਾਣੀ ਦਾ ਸ਼ਬਦ ਗਾਇਣ ਕਰਨ ਮਗਰੋਂ ਅਰਦਾਸ ਕਰਨ ਦਾ ਫ਼ੈਸਲਾ ਲਿਆ। ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੰਸਥਾ ਦਾ ਮਕਸਦ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ ਤਾਂ ਜੋ ਬੱਚੇ ਅੱਗੇ ਜਾ ਕੇ ਸਮਾਜ ਦੀ ਬਿਹਤਰੀ ਲਈ ਕਾਰਜ ਕਰ ਸਕਣ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਰੋਜ਼ ਸਵੇਰੇ ਸਕੂਲ ਦੀ ਸ਼ੁਰੂਆਤ ਗੁਰਬਾਣੀ ਦਾ ਸ਼ਬਦ ਗਾਇਣ ਕਰਨ ਮਗਰੋਂ ਅਰਦਾਸ ਕਰ ਕੇ ਕੀਤੀ ਜਾਵੇ। ਇਸ ਦੇ ਨਾਲ ਹੀ ਸਕੂਲਾਂ ਅਤੇ ਕਾਲਜਾਂ ’ਚ ਹਫ਼ਤੇ ਵਿੱਚ ਇੱਕ ਦਿਨ ਧਾਰਮਿਕ ਕਲਾਸ ਲਾਉਣੀ ਵੀ ਲਾਜ਼ਮੀ ਹੈ।