ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਮਈ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਮੁੱਖ ਸੜਕ ਦੀ ਉਸਾਰੀ ਸਬੰਧੀ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 10 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਹ ਸੜਕ ਬਰਸਾਤ ਦੇ ਮੌਸਮ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ 22 ਕਰੋੜ ਰੁਪਏ ਦਾ ਪ੍ਰਾਜੈਕਟ ਹੈ ਜਿਸ ’ਚੋਂ 12 ਕਰੋੜ ਸੀਵਰੇਜ ਦੀ ਪਾਈਪਲਾਈਨ ਪਾਉਣ ’ਤੇ ਖ਼ਰਚੇ ਗਏ ਹਨ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਜਾਣਕਾਰੀ ਅਨੁਸਾਰ ਪਿਛਲੇ ਕਾਫ਼ੀ ਸਮੇਂ ਤੋਂ ਇੱਥੋਂ ਦੇ ਫੇਜ਼-11 ਤੋਂ ਬਲੌਂਗੀ ਸੜਕ ਦਾ ਇੱਕ ਪਾਸਾ ਪੁੱਟ ਕੇ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਈਆਂ ਗਈਆਂ ਹਨ ਤਾਂ ਜੋ ਮੁਹਾਲੀ ਨੂੰ ਸੀਵਰੇਜ ਦੀ ਸਮੱਸਿਆ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਦੇ ਵਿਕਸਤ ਹੋਣ ਨਾਲ ਚਾਰ ਦਹਾਕੇ ਪੁਰਾਣੀ ਸੀਵਰੇਜ ਲਾਈਨ ਪੂਰੀ ਤਰ੍ਹਾਂ ਜਾਮ ਹੋ ਗਈ ਸੀ ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰਫਲੋ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਪ੍ਰਾਜੈਕਟ ਅੰਮ੍ਰਿਤ ਸਕੀਮ ਤਹਿਤ ਪ੍ਰਵਾਨ ਹੋਇਆ ਸੀ ਜਿਸ ’ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਨਗਰ ਨਿਗਮ ਵੱਲੋਂ ਆਪੋ ਆਪਣੇ ਹਿੱਸੇ ਆਉਂਦੇ ਫੰਡ ਖ਼ਰਚੇ ਜਾ ਰਹੇ ਹਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸੜਕ ਦਾ ਟੈਂਡਰ ਪਿਛਲੇ ਮਹੀਨੇ ਦੇ ਦਿੱਤਾ ਗਿਆ ਸੀ ਅਤੇ ਹੁਣ ਕੰਪਨੀ ਵੱਲੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਕਮਲ ਗਰਗ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਐਸਈ ਸੰਜੇ ਕੰਵਰ, ਐਕਸੀਅਨ ਹਰਪ੍ਰੀਤ ਸਿੰਘ, ਜਸਬੀਰ ਸਿੰਘ ਮਣਕੂ, ਪਰਮਜੀਤ ਸਿੰਘ ਹੈਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।