ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਜੂਨ
ਸ਼ਹਿਰ ਦੀ ਛੱਤੀ ਗਲੀ ਵਿੱਚ ਸਥਿਤ ਇੱਕ ਘਰ ਵਿੱਚੋਂ ਬੁੱਧਵਾਰ ਦੀ ਰਾਤ ਨੂੰ ਘਰ ਦੀ ਮਾਲਕਣ ਦੀ ਲਾਸ਼ ਮਿਲਣ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਕਤਲ ਦਾ ਸ਼ੱਕ ਘਰ ਵਿਚ ਰਹਿੰਦੇ ਜਿਸ ਕਿਰਾਏਦਾਰ ’ਤੇ ਕੀਤਾ ਜਾ ਰਿਹਾ ਸੀ ਉਸ ਨੂੰ ਤੇ ਉਸ ਦੀ ਪ੍ਰੇਮਿਕਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।
ਐੱਸਐੱਸਪੀ ਚਰਨਜੀਤ ਸਿੰਘ ਸੋਹਲ ਮੁਤਾਬਿਕ ਇਹ ਕਤਲ ਸੋਨੇ ਦੇ ਗਹਿਣਿਆਂ ਦੇ ਲਾਲਚ ਵਿਚ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ ਸੋਨੇ ਦੇ ਕੜੇ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਸ਼ੇਰ ਸਿੰਘ ਤੇ ਉਸ ਦੀ ਪ੍ਰੇਮਿਕਾ ਬਿਮਲਾ ਰਾਣੀ ਵਜੋਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਵੀਨਾ ਰਾਣੀ (65) ਦੀ ਲਾਸ਼ ਉਸ ਦੇ ਬੈੱਡ ਦੇ ਬਕਸੇ ਵਿੱਚੋਂ ਬਰਾਮਦ ਹੋਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਸਾਮਾਨ ਸਣੇ ਫ਼ਰਾਰ ਹੋ ਗਏ ਸਨ। ਵੀਨਾ ਰਾਣੀ ਕੁਝ ਸਾਲ ਪਹਿਲਾਂ ਇੱਥੋਂ ਆਪਣਾ ਜੱਦੀ ਘਰ ਛੱਡ ਕੇ ਜਲੰਧਰ ਆਪਣੇ ਪੁੱਤਰ ਕੋਲ ਚਲੀ ਗਈ ਸੀ। ਇਸ ਘਰ ਦੇ ਉਪਰਲੇ ਹਿੱਸੇ ਵਿਚ ਉਸ ਨੇ ਕਿਰਾਏ ’ਤੇ ਦੋ ਪਰਿਵਾਰ ਰੱਖੇ ਹੋਏ ਸਨ। ਇੱਕ ਹਿੱਸੇ ਵਿੱਚ ਸ਼ੇਰ ਸਿੰਘ ਤੇ ਉਸ ਦੀ ਪ੍ਰੇਮਿਕਾ ਬਿਮਲਾ ਰਾਣੀ ਰਹਿੰਦੇ ਸਨ। ਬਿਮਲਾ ਰਾਣੀ ਦਾ ਪਤੀ ਅੱਠ ਸਾਲ ਤੋਂ ਕਤਲ ਕੇਸ ਵਿੱਚ ਇੱਥੋਂ ਦੀ ਜੇਲ੍ਹ ’ਚ ਬੰਦ ਹੈ। ਉਸ ਦੇ ਜੇਲ੍ਹ ਜਾਣ ਮਗਰੋਂ ਬਿਮਲਾ ਰਾਣੀ ਸ਼ੇਰ ਸਿੰਘ ਨਾਲ ਵੀਨਾ ਰਾਣੀ ਦੇ ਘਰ ਵਿੱਚ ਕਿਰਾਏ ’ਤੇ ਰਹਿਣ ਲੱਗ ਪਈ ਸੀ।
ਕਰੀਬ ਇੱਕ ਹਫ਼ਤੇ ਤੋਂ ਵੀਨਾ ਰਾਣੀ ਇੱਥੇ ਆਈ ਹੋਈ ਸੀ। ਵੀਨਾ ਰਾਣੀ ਅਕਸਰ ਹੀ ਸੋਨੇ ਦੇ ਗਹਿਣੇ ਪਾ ਕੇ ਰੱਖਦੀ ਸੀ। ਬਿਮਲਾ ਰਾਣੀ ਨੇ ਉਸ ਨਾਲ ਕਾਫ਼ੀ ਨੇੜਤਾ ਕਰ ਲਈ ਸੀ। ਬਿਮਲਾ ਤੇ ਸ਼ੇਰ ਸਿੰਘ ਵੀਣਾ ਦਾ ਕਤਲ ਕਰ ਕੇ ਲਾਸ਼ ਬੈੱਡ ਦੇ ਬਕਸੇ ਵਿਚ ਬੰਦ ਕਰ ਕੇ ਫ਼ਰਾਰ ਹੋ ਗਏ।