ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਸਤੰਬਰ
ਪੰਜਾਬੀ ਗਾਇਕ ਜੀ ਖਾਨ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਨਕਪੁਰੀ ਇਲਾਕੇ ’ਚ ਸ੍ਰੀ ਗਣਪਤੀ ਦੇ ਸਮਾਗਮ ਦੌਰਾਨ ਸਟੇਜ ’ਤੇ ਅਸ਼ਲੀਲ ਗਾਣੇ ਗਾਉਣ ਦੇ ਮਾਮਲੇ ’ਚ ਪੁਲੀਸ ਦੇ ਵੱਲੋਂ ਉਨ੍ਹਾਂ ਨੂੰ ਪੁੱਛਗਿਛ ਲਈ ਸੱਦਿਆ ਗਿਆ ਸੀ, ਪਰ ਪੰਜਾਬੀ ਗਾਇਕ ਜੀ ਖਾਨ ਪੁਲੀਸ ਦੇ ਸੱਦੇ ’ਤੇ ਵੀ ਥਾਣਾ ਡਵੀਜ਼ਨ ਨੰਬਰ 2 ’ਚ ਨਹੀਂ ਪੁੱਜੇ। ਇਸ ਤੋਂ ਬਾਅਦ ਗੁੱਸੇ ’ਚ ਆਏ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਨੇ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲੀਸ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਦਿੱਤੀ ਤੇ ਸ਼ਿਕਾਇਤ ਦੇ ਬਾਰੇ ’ਚ ਜਾਣੂ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਪੰਜਾਬੀ ਗਾਇਕ ਜੀ ਖਾਨ ਨੂੰ ਸੱਦਿਆ ਸੀ, ਪਰ ਉਹ ਨਹੀਂ ਪੁੱਜੇ। ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਾਂਚ ਤੋਂ ਤੁਰੰਤ ਬਾਅਦ ਮਾਮਲੇ ’ਚ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਉਧਰ, ਇਸ ਮਾਮਲੇ ’ਚ ਸ਼ਿਵ ਸੈਨਾ ਪੰਜਾਬ ਦੇ ਅਮਿਤ ਕੌਂਡਲ, ਅਮਿਤ ਅਰੋੜਾ ਤੇ ਭਾਨੂ ਪ੍ਰਤਾਪ ਨੇ ਕਿਹਾ ਕਿ ਜੀ ਖਾਨ ਨੇ ਉਨ੍ਹਾਂ ਦੇ ਧਰਮ ਦੇ ਬੇਅਦਬੀ ਕੀਤੀ ਹੈ। ਪ੍ਰਬੰਧਕਾਂ ਨੂੰ ਵੀ ਗਾਇਕ ਦੀ ਚਾਹਤ ਦੇ ਚੱਲਦੇ ਆਪਣਾ ਧਰਮ ਤੱਕ ਯਾਦ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਗਾਇਕ ਜੀ ਖਾਨ ਦੇ ਖਿਲਾਫ਼ ਕਾਰਵਾਈ ਕਰਵਾ ਕੇ ਹੀ ਪਿੱਛੇ ਹੱਟਣਗੇ। ਜੇਕਰ ਪੁਲੀਸ ਦੇ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਅੱਗੇ ਅੰਦੋਲਨ ਵੀ ਕੀਤਾ ਜਾਵੇਗਾ। ਲੁਧਿਆਣਾ ਵਿੱਚ ਕਰਵਾਏ ਗਣਪਤੀ ਸੇਵਾ ਸੰਘ ਦੁਆਰਾ ਗਣਪਤੀ ਵਿਸਰਜਨ ਸਮਾਗਮ ਵਿੱਚ ਧਾਰਮਿਕ ਗੀਤ ਦੀ ਥਾਂ ਅਸ਼ਲੀਲ ਗੀਤ ਗਾਉਣ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਪੰਜਾਬੀ ਗਾਇਕ ਜੀ ਖਾਨ ਦੇ ਨਾਲ-ਨਾਲ ਪ੍ਰਬੰਧਕਾਂ ਖਿਲਾਫ਼ ਸ਼ਿਕਾਇਤ ਦੇ ਦਿੱਤੀ।