ਲੁਧਿਆਣਾ: ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ 450 ਵਿਦਿਆਰਥੀਆਂ ਨੇ ਪਹਿਲੇ ਪੜਾਅ ਦੌਰਾਨ ਹੀ ਬਹੁ-ਰਾਸ਼ਟਰੀ ਉੱਚ ਦਰਜਾ ਪ੍ਰਾਪਤ ਕੰਪਨੀਆਂ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਪ੍ਰਾਪਤ ਕਰ ਲਈ ਹੈ। ਜੀ.ਐੱਨ.ਡੀ.ਈ.ਸੀ. ਦੇ ਪਲੇਸਮੈਂਟ ਸੈੱਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਨੌਕਰੀਆਂ ਦੇਣ ਵਾਲਿਆਂ ਵਿੱਚ ਸੈਮਸੰਗ, ਆਰ ਐਂਡ ਡੀ, ਜੀ ਸਕੈਲਰ, ਜ਼ੈੱਡ ਐੱਸ ਐਸੋਸੀਏਟਸ, ਵਾਲਮਾਰਟ, ਏਅਰਟੈੱਲ ਵਰਗੀਆਂ ਨਾਮਵਰ ਕੰਪਨੀਆਂ ਵੱਲੋਂ ਮੌਜੂਦਾ ਬੈੱਚ ਦੇ ਵਿਦਿਆਰਥੀਆਂ ਨੂੰ 12.5- 18 ਲੱਖ ਪ੍ਰਤੀ ਸਾਲ ਦੇ ਆਕਰਸ਼ਕ ਪੈਕੇਜਾਂ ਦੀ ਪੇਸ਼ਕਸ਼ ਕੀਤੀ। ਸਿਖਲਾਈ ਅਤੇ ਪਲੇਸਮੈਂਟ ਅਫਸਰ ਪ੍ਰੋ. ਜੀਐੱਸ ਸੋਢੀ ਨੇ ਦੱਸਿਆ ਕਿ ਕਈ ਪ੍ਰਮੁੱਖ ਕੰਪਨੀਆਂ ਵੱਲੋਂ ਵਿਦਿਆਰਥੀਆਂ ਨੂੰ ਟਰੇਨਿੰਗ ਸਮੈਸਟਰ ਦੌਰਾਨ ਹੀ 30,000/- ਤੱਕ ਦੇ ਵਜ਼ੀਫ਼ਿਆਂ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਇਹ ਵੀ ਕਿਹਾ ਕੀ ਇਹ ਇੰਟਰਨਸ਼ਿਪ ਪਲੇਸਮੈਂਟ ਵਿਚ ਬਦਲ ਜਾਂਦੀ ਹੈ। ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਪਲੇਸਮੈਂਟ ਦੇ ਨਾਲ-ਨਾਲ ਤਨਖਾਹ ਪੈਕੇਜ ਵਿਚ ਵੀ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। -ਖੇਤਰੀ ਪ੍ਰਤੀਨਿਧ