ਸਤਵਿੰਦਰ ਬਸਰਾ
ਲੁਧਿਆਣਾ, 12 ਸਤੰਬਰ
ਸਮਾਰਟ ਸ਼ਹਿਰਾਂ ਵਿੱਚ ਸ਼ੁਮਾਰ ਲੁਧਿਆਣਾ ਵਿੱਚ ਦੋ ਦਿਨਾਂ ਤੋਂ ਰੁਕ ਰੁਕ ਕੇ ਪਏ ਮੀਂਹ ਕਾਰਨ ਸੜਕਾਂ ਦੀ ਹਾਲਤ ਹੋਰ ਜ਼ਿਆਦਾ ਤਰਸਯੋਗ ਬਣਾ ਦਿੱਤੀ ਹੈ। ਹੋਰ ਡੂੰਘੇ ਹੋਏ ਟੋਇਆਂ ਨੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਵਧੀਆ ਸਹੂਲਤਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਡੂੰਘੇ ਖੱਡੇ ਦਿਖਾਈ ਨਹੀਂ ਦਿੰਦੇ ਅਤੇ ਉਹ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸਮਾਰਟ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਨੇ ਹੀ ਲੋਕਾਂ ਦਾ ਜਿਊਣਾ ਦੁੱਬਰ ਕੀਤਾ ਹੋਇਆ ਹੈ। ਪਾਣੀ ਦੀ ਢੁੱਕਵੀਂ ਨਿਕਾਸੀ ਨਾ ਹੋਣ ਕਰਕੇ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਨੀਵੀਆਂ ਸੜਕਾਂ ਅਤੇ ਬਸਤੀਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਸ਼ਹਿਰ ਵਿੱਚ ਬਣੇ ਕਈ ਪੁਲਾਂ ਦੀ ਢਲਾਣ ’ਤੇ ਵੀ ਵੱਡੇ ਅਤੇ ਡੂੰਘੇ ਟੋਏ ਬਣ ਚੁੱਕੇ ਹਨ।
ਮੀਂਹ ਪੈਣ ਨਾਲ ਇਹ ਟੋਏ ਪਾਣੀ ਨਾਲ ਭਰ ਜਾਣ ਕਰਕੇ ਦਿਖਾਈ ਨਹੀਂ ਦਿੰਦੇ ਅਤੇ ਹਾਦਸਿਆਂ ਨੂੰ ਸੱਦਾ ਦੇ ਦਿੰਦੇ ਹਨ। ਸਥਾਨਕ ਘੰਟਾ ਘਰ ਲਾਗੇ ਬਣੇ ਇੱਕ ਪੁਲ ਨੇੜੇ ਵੀ ਅਜਿਹੇ ਖੱਡੇ ਪਏ ਦੇਖੇ ਜਾ ਸਕਦੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਖੱਡਿਆਂ ਨੂੰ ਕੁਝ ਦਿਨ ਪਹਿਲਾਂ ਮਿੱਟੀ ਅਤੇ ਬਜਰੀ ਨਾਲ ਪੂਰਿਆ ਗਿਆ ਸੀ ਪਰ ਮੀਂਹ ਦੇ ਪਾਣੀ ਨਾਲ ਇਹ ਫਿਰ ਟੋਏ ਦਾ ਰੂਪ ਧਾਰ ਚੁੱਕੇ ਹਨ। ਟੋਆ ਵੱਡਾ ਹੋਣ ਕਰਕੇ ਇਹ ਦੋ ਪਹੀਆ ਵਾਹਨ ਚਾਲਕਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ। ਕਈ ਵਾਹਨ ਚਾਲਕ ਇੱਥੇ ਹਾਦਸੇ ਦਾ ਸ਼ਿਕਾਰ ਹੁੰਦੇ ਹੁੰਦੇ ਬਚੇ ਹਨ। ਇਸੇ ਤਰ੍ਹਾਂ ਦੇ ਟੋਏ ਢੋਲੇਵਾਲ ਚੌਕ, ਗਿੱਲ ਚੌਕ, ਚੀਮਾ ਚੌਕ ਆਦਿ ਪੁਲਾਂ ’ਤੇ ਵੀ ਦੇਖੇ ਜਾ ਸਕਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਕੋਈ ਜਾਨੀ ਨੁਕਸਾਨ ਹੋਵੇ, ਇਨਾਂ ਟੋਇਆਂ ਨੂੰ ਪੂਰਿਆ ਜਾਵੇ।