ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਨਵੰਬਰ
ਭਾਵੇਂ ਕਿ ਮੀਡੀਆ ਰਾਹੀਂ ਦੀਵਾਲੀ ਤੇ ਗੁਰਪੁਰਬ ਮੌਕੇ ਮਿੱਟੀ ਦੇ ਦੀਵੇ ਬਾਲਣ ਦੀਆਂ ਅਪੀਲਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ ਪਰ ਫਿਰ ਵੀ ਚੀਨੀ ਲੜੀਆਂ ਦੇ ਸਸਤੇ ਤੇ ਖੂਬਸੂਰਤ ਹੋਣ ਕਰ ਕੇ ਦੀਵਿਆਂ ਪ੍ਰਤੀ ਲੋਕਾਂ ਦਾ ਮੋਹ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਇਸ ਵਾਰ ਕੇਂਦਰ ਸਰਕਾਰ ਵੱਲੋਂ ਚੀਨੀ ਸਾਮਾਨ ਦਾ ਬਾਈਕਾਟ ਕੀਤੇ ਜਾਣ ਕਰ ਕੇ ਲੱਗਦਾ ਸੀ ਕਿ ਚੀਨੀ ਲੜੀਆਂ ਬਜ਼ਾਰਾਂ ਵਿੱਚ ਨਹੀਂ ਵਿਕਣਗੀਆਂ ਪਰ ਅਜਿਹਾ ਹੋਇਆ ਨਹੀਂ। ਹੁਣ ਵੀ ਬਾਜ਼ਾਰ ਵਿੱਚ ਚੀਨੀ ਲੜੀਆਂ ਦੀ ਭਰਮਾਰ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਪਾਰੀਆਂ ਕੋਲ ਪਹਿਲਾਂ ਖਰੀਦਿਆ ਸਟਾਕ ਹੀ ਬਥੇਰਾ ਪਿਆ ਹੈ। ਚੋਰੀ ਮੋਰੀਓਂ ਵੀ ਮਾਲ ਆ ਰਿਹਾ ਹੈ। ਮਨਦੀਪ ਸਿੰਘ ਦੂਹੇ ਵਾਲਾ ਨੇ ਦੱਸਿਆ ਕਿ ਇਕ ਕਾਰੀਗਰ ਦਿਹਾੜੀ ਵਿੱਚ ਦੋ ਹਜ਼ਾਰ ਰੁਪਏ ਦੇ ਕਰੀਬ ਮਿੱਟੀ ਦੇ ਦੀਵੇ ਬਣਾ ਲੈਂਦਾ ਹੈ। ਇਕ ਰੁਪਏ ਦਾ ਦੀਵਾ ਵੇਚ ਕੇ 10-15 ਹਜ਼ਾਰ ਰੁਪਏ ਦੇ ਕਰੀਬ ਕਮਾਈ ਹੁੰਦੀ ਹੈ। ਇਸੇ ਤਰ੍ਹਾਂ ਹਟੜੀ ਸੌ ਤੋਂ ਦੋ ਸੌ ਰੁਪਏ ਪ੍ਰਤੀ ਨਗ ਦੇ ਹਿਸਾਬ ਵੇਚੀ ਜਾਂਦੀ ਹੈ। ਉਸ ਨੇ ਦੱਸਿਆ ਕਿ ਦੀਵਿਆਂ ਦੀ ਮੰਗ ਦਿਨੋਂ-ਦਿਨ ਘੱਟਦੀ ਜਾ ਰਹੀ ਹੈ। ਇਹ ਕੰਮ ਵੀ ਡਾਢੀ ਮੁਸ਼ੱਕਤ ਵਾਲਾ ਹੈ। ਦੀਵੇ ਬਣਾਉਣ ਵਾਲੀ ਕਾਲੀ ਮਿੱਟੀ ਵੀ ਬਹੁਤ ਔਖੀ ਤੇ ਮਹਿੰਗੀ ਮਿਲਦੀ ਹੈ। ਮਿੱਟੀ ਕੁੱਟ ਕੇ ਕਰੀਬ 15 ਦਿਨ ਪਾਣੀ ’ਚ ਭਿਉਂ ਕੇ ਰੱਖਣੀ ਪੈਂਦਾ ਹੈ। ਫਿਰ ਗੁੰਨ ਕੇ ਚੱਕ ’ਤੇ ਚੜ੍ਹਾ ਕੇ ਦੀਵੇ ਬਣਾਏ ਜਾਂਦੇ ਹਨ। ਉਸ ਤੋਂ ਬਾਅਦ ਇਨ੍ਹਾਂ ਮਿੱਟੀ ਦੇ ਦੀਵਿਆਂ ਨੂੰ ਭੱਠੀ ’ਚ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਹੂਲਤਾਂ ਨਾ ਮਿਲਣ ਕਾਰਨ ਹੁਣ ਅਗਲੀ ਪੀੜ੍ਹੀ ਇਸ ਕਿੱਤੇ ਤੋਂ ਮੂੰਹ ਮੋੜਦੀ ਜਾ ਰਹੀ ਹੈ।
ਪ੍ਰਜਾਪਤੀ ਘੁਮਿਆਰ ਮਹਾਸੰਘ ਪੰਜਾਬ ਦੇ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਪ੍ਰਜਾਪਤੀ ਨੇ ਅਪੀਲ ਕੀਤੀ ਕਿ ਲੋਕ ਦੀਵਾਲੀ ਤੇ ਗੁਰਪੁਰਬ ਮੌਕੇ ਮਿੱਟੀ ਦੇ ਦੀਵੇ ਬਾਲਣ ਤਾਂ ਜੋ ਕਾਮਿਆਂ ਦਾ ਚੁੱਲ੍ਹਾ ਬਲਦਾ ਰਹੇ। ਇਸ ਕਿੱਤੇ ਨਾਲ ਨੌਜਵਾਨ ਪੀੜ੍ਹੀ ਦਾ ਮੋਹ ਦਿਨੋ-ਦਿਨ ਟੁੱਟਦਾ ਜਾ ਰਿਹਾ ਹੈ। ਜੇ ਹਾਲ ਇਹੀ ਰਿਹਾ ਤਾਂ ਇਹ ਪੀੜ੍ਹੀ ਇਸ ਕਿੱਤੇ ਵਿੱਚ ਆਖਰੀ ਪੀੜ੍ਹੀ ਹੋਵੇਗੀ।