ਪੱਤਰ ਪ੍ਰੇਰਕ
ਨਵਾਂਸ਼ਹਿਰ, 8 ਦਸੰਬਰ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਨਵਾਂਸ਼ਹਿਰ ਦੇ ਵਸਨੀਕ ਮੇਜਰ ਮਨਦੀਪ ਭਾਟੀਆ ਦੀ ਮੌਤ ਹੋ ਗਈ ਅਤੇ ਫ਼ੌਜ ਦੇ ਦੋ ਹੋਰ ਸਿਪਾਹੀ ਜ਼ਖ਼ਮੀ ਹੋ ਗਏ। ਸੂਚਨਾ ਮਿਲਦਿਆਂ ਹੀ ਪਿਤਾ ਦਿਲਬਾਗ ਸਿੰਘ ਭਾਟੀਆ ਆਪਣੇ ਬੇਟੇ ਦੀ ਲਾਸ਼ ਲੈਣ ਲਈ ਅਲਵਰ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ 1988 ਵਿੱਚ ਜਨਮਿਆ ਮਨਦੀਪ ਥਾਪਰ ਇੰਜਨੀਅਰਿੰਗ ਕਾਲਜ ਪਟਿਆਲਾ ਤੋਂ ਬੀ.ਟੈੱਕ ਦੀ ਡਿਗਰੀ ਕਰ ਕੇ ਅਕਤੂਬਰ 2010 ਵਿੱਚ ਫ਼ੌਜ ’ਚ ਭਰਤੀ ਹੋਇਆ ਸੀ। ਉਸ ਦੇ ਪਿਤਾ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਅੰਬੇਡਕਰ ਭਵਨ ਚੈਰੀਟੇਬਲ ਰਿਲੀਜਸ ਟਰੱਸਟ ਨਵਾਂਸ਼ਹਿਰ ਦੇ ਵਾਈਸ ਪ੍ਰਧਾਨ ਹਨ ਅਤੇ ਮਾਤਾ ਹਰਬੰਸ ਕੌਰ ਸਿਹਤ ਵਿਭਾਗ ਵਿੱਚ ਮੁਲਾਜ਼ਮ ਹੈ। ਉਸ ਦੀ ਪਤਨੀ ਡਾ. ਹੇਮਪ੍ਰੀਤ ਕੌਰ ਵੀ ਭਾਰਤੀ ਫੌਜ ਵਿਚ ਮੇਜਰ ਹੈ। ਉਨ੍ਹਾਂ ਦਾ ਬੇਟਾ ਅੱਵਲਜੀਤ ਸਿੰਘ ਚਾਰ ਸਾਲ ਦਾ ਹੈ।