ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਪਰੈਲ
ਵਧੀਕ ਡਾਇਰੈਕਟਰ ਜਨਰਲ ਪੁਲੀਸ (ਏਡੀਜੀਪੀ) ਟਰੈਫ਼ਿਕ ਅਮਰਦੀਪ ਸਿੰਘ ਰਾਏ ਨੇ ਨਿਯਮਾਂ ਦੀਆਂ ਉਲੰਘਣਾ ਕਰ ਰਹੀਆਂ ਪੁਲੀਸ ਦੀਆਂ ਸਰਕਾਰੀ ਗੱਡੀਆਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ। ਉਨ੍ਹਾਂ ਖੇਤਰੀ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਰਕਾਰੀ ਗੱਡੀਆਂ ਦੇ ਕਾਗਜ਼ ਪੂਰੇ ਨਾ ਹੋਣ ਉੱਤੇ ਐੱਮਟੀਓ ਅਤੇ ਸਰਕਾਰੀ ਡਰਾਈਵਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਏਡੀਜੀਪੀ ਨੇ ਪੱਤਰ ਵਿੱਚ ਆਖਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਟਰੈਫਿਕ ਸਟਾਫ ਵਾਹਨਾਂ ਦੀ ਚੈਕਿੰਗ ਦੌਰਾਨ ਆਮ ਵਿਅਕਤੀ ਦਾ ਵਾਹਨ ਦੇ ਕਾਗਜ਼ ਪੂਰੇ ਨਾ ਹੋਣ ’ਤੇ ਚਲਾਨ ਕਰਦੇ ਹਨ। ਇਸ ਦੌਰਾਨ ਜਦੋਂ ਕਿਸੇ ਵਿਅਕਤੀ ਵੱਲੋਂ ਸਬੰਧਤ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਗੱਡੀ ਦੇ ਪੇਪਰ ਚੈੱਕ ਕਰਵਾਉਣ ਲਈ ਕਿਹਾ ਜਾਂਦਾ ਹੈ ਤਾਂ ਗੱਡੀ ਵਿੱਚ ਪੇਪਰ ਨਾ ਹੋਣ ’ਤੇ ਉਸ ਵੱਲੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆਂ ’ਤੇ ਵਾਇਰਲ ਕਰ ਦਿੱਤੀ ਜਾਂਦੀ ਹੈ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪੁਲੀਸ ਮੁਲਾਜ਼ਮ ਨਾਕਿਆਂ ਆਦਿ ਜਾਂ ਡਿਊਟੀ ਦੌਰਾਨ ਆਪਣੀ ਪ੍ਰਾਈਵੇਟ ਗੱਡੀ ਖੜ੍ਹੀ ਕਰਕੇ ਚੈਕਿੰਗ ਕਰਦੇ ਹਨ, ਤਾਂ ਉਨ੍ਹਾਂ ਦੇ ਪੇਪਰ ਵੀ ਮੁਕੰਮਲ ਨਹੀਂ ਹੁੰਦੇ। ਏਡੀਜੀਪੀ ਨੇ ਇਸ ਪੱਤਰ ਰਾਹੀਂ ਖੇਤਰੀ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਤਾਇਨਾਤ ਐੱਮਟੀਓ ਨੂੰ ਹਦਾਇਤ ਕਰਨ ਕਿ ਉਹ ਹਰ ਸਰਕਾਰੀ ਗੱਡੀ ਚੌਕੀ, ਥਾਣਾ, ਯੂਨਿਟਾਂ, ਸਬ-ਡਿਵੀਜ਼ਨਲ ਅਫਸਰ, ਐੱਸਪੀ ਰੈਂਕ, ਐੱਮਟੀ, ਬਰਾਂਚ ’ਚ ਖੜ੍ਹੀਆਂ ਗੱਡੀਆਂ ਅਤੇ ਜ਼ਿਲ੍ਹਾ ਮੁਖੀ ਦੀ ਗੱਡੀ ਵਿੱਚ ਫਸਟ ਏਡ ਕਿੱਟ ਤੇ ਰਜਿਸਟਰੇਸ਼ਨ-ਆਰ ਸੀ. ਵਗੈਰਾ ਪੇਪਰ ਰਖਵਾਉਣਾ ਯਕੀਨੀ ਬਣਾਉਣ।