ਰੋਮ: ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ (ਡਬਲਿਯੂਐੱਫਪੀ) ਨੇ ਇਸ ਵਰ੍ਹੇ ਦਾ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਦੇ ਜੰਗਗ੍ਰਸਤ ਅਤੇ ਮੁਸ਼ਕਲਾਂ ਨਾਲ ਜੂਝ ਰਹੇ ਖੇਤਰਾਂ ਵਿੱਚ ਭੁੱਖਮਰੀ ਅਤੇ ਖੁਰਾਕੀ ਅਸੁਰੱਖਿਆ ਦੇ ਟਾਕਰੇ ਲਈ ਕੀਤੀਆਂ ਕੋਸ਼ਿਸ਼ਾਂ ਕਾਰਨ ਡਬਲਿਯੂਐੱਫਪੀ ਨੂੰ ਦਿੱਤਾ ਗਿਆ ਹੈ। ਰੋਮ ਆਧਾਰਿਤ ਇਸ ਸੰਗਠਨ ਨੇ ਪਿਛਲੇ ਵਰ੍ਹੇ ਵਿਸ਼ਵ ਭਰ ਦੇ 88 ਮੁਲਕਾਂ ਦੇ ਕਰੀਬ 10 ਕਰੋੜ ਲੋਕਾਂ ਨੂੰ ਸਹਾਇਤਾ ਦਿੱਤੀ। ਓਸਲੋ ਵਿੱਚ ਅੱਜ ਇਸ ਪੁਰਸਕਾਰ ਦਾ ਐਲਾਨ ਕਰਦਿਆਂ ਨੌਰਵੇਅਨ ਨੋਬੇਲ ਕਮੇਟੀ ਦੇ ਮੁਖੀ ਬੇਰਿਤ ਰੀਸ-ਐਂਡਰਸਨ ਨੇ ਕਿਹਾ, ‘‘ਇਸ ਵਰ੍ਹੇ ਦੇ ਪੁਰਸਕਾਰ ਨਾਲ ਕਮੇਟੀ ਪੂਰੇ ਵਿਸ਼ਵ ਦਾ ਧਿਆਨ ਭੁੱਖਮਰੀ ਦੇ ਖ਼ਤਰੇ ਨਾਲ ਜੂਝ ਰਹੇ ਕਰੋੜਾਂ ਲੋਕਾਂ ਵੱਲ ਦਿਵਾਊਣਾ ਚਾਹੁੰਦੀ ਹੈ। ਵਰਲਡ ਫੂਡ ਪ੍ਰੋਗਰਾਮ ਖੁਰਾਕੀ ਸੁਰੱਖਿਆ ਨੂੰ ਸ਼ਾਂਤੀ ਦਾ ਸਾਧਨ ਬਣਾਊਣ ਲਈ ਬਹੁਪੱਖੀ ਸਹਿਯੋਗ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।’’ ਡਬਲਿਯੂਐੱਫਪੀ ਦੀ ਅਗਵਾਈ ਲੰਬੇ ਸਮੇਂ ਤੋਂ ਕਿਸੇ ਅਮਰੀਕੀ ਵਲੋਂ ਕੀਤੀ ਜਾ ਰਹੀ ਹੈ ਅਤੇ ਸਾਲ 2017 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਾਊਥ ਕੈਰੋਲੀਨਾ ਦੇ ਸਾਬਕਾ ਰਿਪਬਲਿਕਨ ਗਵਰਨਰ ਡੇਵਿਡ ਬੀਸਲੇ ਨੂੰ ਇਸ ਦੀ ਅਗਵਾਈ ਸੌਂਪੀ ਗਈ ਸੀ। ਪੁਰਸਕਾਰ ਮਿਲਣ ’ਤੇ ਖ਼ੁਸ਼ੀ ਵਿੱਖ ਖੀਵੇ ਹੋਏ ਬੀਸਲੇ ਨੇ ਡਬਲਿਯੂਐੱਫਪੀ ‘ਪਰਿਵਾਰ’ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਊਹ ਇਸ ਪੁਰਸਕਾਰ ਦੇ ਹੱਕਦਾਰ ਹਨ। ਊਨ੍ਹਾਂ ਕਿਹਾ, ‘‘ਡਬਲਿਯੂਐੱਫਪੀ ਪਰਿਵਾਰ ਨੇ ਵਿਸ਼ਵ ਦੀਆਂ ਸਭ ਤੋਂ ਮੁਸ਼ਕਲ ਅਤੇ ਗੁੰਝਲਦਾਰ ਥਾਵਾਂ ਤੱਕ ਪਹੁੰਚ ਕੀਤੀ ਹੈ, ਭਾਵੇਂ ਊਹ ਜੰਗ ਦਾ ਮੈਦਾਨ ਹੋਵੇ, ਗੜਬੜੀ ਵਾਲਾ ਖੇਤਰ ਹੋਵੇ ਜਾਂ ਮੌਸਮੀ ਆਫ਼ਤਾਂ ਨਾਲ ਭਰਪੂਰ ਹੋਵੇ….ਊਹ ਇਸ ਪੁਰਸਕਾਰ ਦੇ ਹੱਕਦਾਰ ਹਨ।’’ ਇਸੇ ਦੌਰਾਨ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਯੂਐੱਨ ਦੇ ਵਰਲਡ ਫੂਡ ਪ੍ਰੋਗਰਾਮ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ’ਤੇ ਵਧਾਈ ਦਿੱਤੀ ਹੈ। -ਏਪੀ