ਜੋਗਿੰਦਰ ਸਿੰਘ ਮਾਨ
ਮਾਨਸਾ, 12 ਸਤੰਬਰ
ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ਦੀ ਚੁਗਾਈ ਲਈ ਪਰਵਾਸੀ ਮਜ਼ਦੂਰ ਪਰਿਵਾਰਾਂ ਸਮੇਤ ਆਉਣੇ ਸ਼ੁਰੂ ਹੋ ਗਏ ਹਨ। ਦੱਖਣੀ ਪੰਜਾਬ ਦੇ ਇਸ ਖੇਤਰ ਵਿੱਚ ਭਾਵੇਂ ਨਰਮੇ ਦੀ ਫ਼ਸਲ ਹੇਠ ਇਸ ਵਾਰ ਵੱਡੀ ਪੱਧਰ ’ਤੇ ਰਕਬਾ ਘੱਟਣ ਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਬਾਵਜੂਦ ਝਾੜ ਚੰਗਾ ਹੋਣ ਦੀ ਉਮੀਦ ਨਾਲ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧਣ ਲੱਗੀ ਹੈ।
ਮਾਲਵਾ ਖੇਤਰ ਵਿੱਚ ਦਿੱਲੀ ਵਾਲੇ ਪਾਸਿਓਂ ਦਿਨ ਤੇ ਰਾਤ ਵੇਲੇ ਆਉਣ ਰੇਲ ਗੱਡੀਆਂ ਵਿਚੋਂ ਹਰ ਰੋਜ਼ ਮਜ਼ਦੂਰ ਟੋਲੀਆਂ ਦੇ ਰੂਪ ’ਚ ਰੇਲਵੇ ਸਟੇਸ਼ਨਾਂ ’ਤੇ ਉਤਰ ਰਹੇ ਹਨ। ਉਥੋਂ ਪਿੰਡਾਂ ਦੇ ਕਿਸਾਨ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਕੁਇੰਟਲ ਰੇਟ ਤੈਅ ਕਰਕੇ ਆਪਣੇ ਨਾਲ ਲੈ ਜਾਂਦੇ ਹਨ। ਪਰਵਾਸੀ ਮਜ਼ਦੂਰਾਂ ਦੇ ਬੱਚੇ ਤੇ ਪਤਨੀਆਂ ਵੀ ਆ ਰਹੀਆਂ, ਜੋ ਰੋਟੀ ਪਾਣੀ ਦਾ ਆਪਣਾ ਜੁਗਾੜ ਖੁਦ ਕਰਦੀਆਂ ਹਨ। ਮਾਲਵਾ ਵਿੱਚ ਨਰਮੇ ਦੀ ਚੁਗਾਈ ਦਾ ਸੀਜ਼ਨ ਲਗਪਗ ਤਿੰਨ ਮਹੀਨੇ ਲਗਾਤਾਰ ਚੱਲਦਾ ਹੈ।
ਮਾਨਸਾ ਦੇ ਰੇਲਵੇ ਸਟੇਸ਼ਨ ਉੱਤੇ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ ਉਤਰ ਰਹੇ ਹਨ। ਇਨ੍ਹਾਂ ਮਜ਼ਦੂਰਾਂ ਵਿਚੋਂ ਬਹੁਤੇ ਤਾਂ ਪਿੰਡਾਂ ਦੇ ਕਿਸਾਨਾਂ ਦੇ ਕਈ-ਕਈ ਸਾਲਾਂ ਤੋਂ ਨਰਮਾ ਚੁੱਗਣ ਲਈ ਆ ਰਹੇ ਹਨ। ਨਰਮਾ ਚੁੱਗਣ ਵਾਲੇ ਇਹ ਪਰਵਾਸੀ ਮਜ਼ਦੂਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿਚੋਂ ਹੀ ਵੱਡੀ ਗਿਣਤੀ ਵਿਚ ਆ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਇਹ ਪਰਵਾਸੀ ਮਜ਼ਦੂਰ ਕਿਸਾਨਾਂ ਦਾ ਖੇਤਾਂ ਵਿੱਚ ਨਰਮਾ ਵੇਖਣ ਵੀ ਨਹੀਂ ਜਾਂਦੇ ਹਨ, ਕਿਉਂਕਿ ਨਰਮੇ ਦੇ ਸਾਰੇ ਖੇਤਾਂ ਵਿਚ ਹੀ ਚੰਗੀ ਫ਼ਸਲ ਦੀ ਕੰਨਸੋ ਇਨ੍ਹਾਂ ਮਜ਼ਦੂਰਾਂ ਕੋਲ ਪਹਿਲਾਂ ਹੀ ਪੁੱਜੀ ਜਾਂਦੀ ਹੈ। ਇਹ ਪ੍ਰਵਾਸੀ ਮਜ਼ਦੂਰਾਂ-ਕਿਸਾਨਾਂ ਦੇ ਸਾਰਾ ਨਰਮਾ ਚੁਗਾ ਕੇ ਅਤੇ ਟੀਂਡਿਆਂ ਵਿਚਲਾ ਨਰਮਾ ਕੱਢ ਕੇ ਹੀ ਆਪਣਾ ਹਿਸਾਬ-ਕਿਤਾਬ ਕਰਕੇ ਆਪਣੇ ਘਰਾਂ ਨੂੰ ਮੁੜਦੇ ਹਨ। ਜਿਥੇ ਕਿਤੇ ਕਿਸਾਨਾਂ ਨਾਲ ਪਰਵਾਸੀ ਮਜ਼ਦੂਰਾਂ ਦੀ ਨੇੜਤਾ ਕਾਇਮ ਹੋ ਜਾਂਦੀ ਹੈ, ਉਥੇ ਇਹ ਅਗਲੇ ਸਾਲ ਲਈ ‘ਚੁਗਾਈ ਦਾ ਸਮਝੌਤਾ’ ਕਰਕੇ ਛੁੱਟੀਆਂ ਲੈ ਜਾਂਦੇ ਹਨ।