ਪੱਤਰ ਪ੍ਰੇਰਕ
ਖਰੜ, 22 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਅਤੇ ਖਰੜ ਕੌਂਸਲ ਦੇ 15 ਕੌਂਸਲਰਾਂ ਨੇ ਅੱਜ ਇੱਥੇ ਮੰਗ ਕੀਤੀ ਹੈ ਕਿ 19 ਅਪਰੈਲ ਨੂੰ ਜਦੋਂ ਖਰੜ ਨਗਰ ਕੌਸਲ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਹੋਣੀ ਸੀ ਉਸ ਦਿਨ ਹੋਈ ਹੁਲੜਬਾਜ਼ੀ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਸ ਦਿਨ ਦੀ ਮੀਟਿੰਗ ਦੀ ਮੁਕੰਮਲ ਵੀਡੀਓਗ੍ਰਾਫੀ ਹੋਈ ਸੀ ਅਤੇ ਇਸ ਨੂੰ ਦੇਖਣ ਨਾਲ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਉਹ ਕਿਹੜੇ ਮੈਂਬਰ ਸਨ ਜਿਨ੍ਹਾਂ ਨੇ ਉਸ ਮੀਟਿੰਗ ਵਿੱਚ ਹਾਲਾਤ ਖਰਾਬ ਕੀਤੇ ਅਤੇ ਕਿਵੇਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਦੇ ਗਰੁੱਪ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦਿਨ ਜੋ ਕੁਝ ਵਾਪਰਿਆ ਸੀ ਉਸ ਦੀ ਸਰਕਾਰ ਤੋਂ ਰਿਪੋਰਟ 30 ਅਪਰੈਲ ਨੂੰ ਮੰਗ ਲਈ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਜ਼ਿਲ੍ਹਾ ਮੁਹਾਲੀ ਦੇ ਐੱਸਐੱਸਪੀ ਨੂੰ ਵੀ ਹੁਕਮ ਜਾਰੀ ਕੀਤੇ ਹਨ ਕਿ ਉਹ ਇਨ੍ਹਾਂ ਮੈਂਬਰਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕਰਨ ।