ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 2 ਮਾਰਚ
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸਥਿਤ ਭਾਰਤੀ ਦੂਤਾਵਾਸ ਤੋਂ ਸੈਂਕੜੇ ਵਿਦਿਆਰਥੀ ਪੈਦਲ ਅਤੇ ਰੇਲਗੱਡੀ ਰਾਹੀਂ ਸਰਹੱਦ ਨਾਲ ਲੱਗਦੇ ਦੇਸ਼ ਸਲੋਵਾਕੀਆ ਪੁੱਜ ਗਏ ਹਨ, ਜਿੱਥੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੇ ਸੰਭਾਲ ਲਿਆ ਹੈ। ਯੂਕਰੇਨ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਏ ਮਾਛੀਵਾੜਾ ਦੇ ਨੌਜਵਾਨ ਆਯੂਸ਼ ਗਰਗ ਨੇ ਦੱਸਿਆ ਕਿ ਜੰਗ ਦੇ ਹਾਲਾਤ ਬਣਨ ਮਗਰੋਂ ਉਹ ਕੀਵ ਸਥਿਤ ਭਾਰਤੀ ਦੂਤਾਵਾਸ ਕੋਲ ਪੁੱਜ ਗਿਆ ਸੀ, ਜਿੱਥੇ ਉਸ ਨੇ ਸੈਂਕੜੇ ਵਿਦਿਆਰਥੀਆਂ ਨਾਲ ਪਨਾਹ ਲਈ। ਕੀਵ ਦੇ ਆਸ-ਪਾਸ ਰੂਸੀ ਫੌਜਾਂ ਵੱਲੋਂ ਹਮਲੇ ਤੇਜ਼ ਕਰਨ ਮਗਰੋਂ ਆਯੂਸ਼ ਗਰਗ ਤੇ ਉਸ ਦੇ ਸੈਂਕੜੇ ਸਾਥੀ ਜਾਨ ਜੋਖਮ ਵਿੱਚ ਪਾ ਕੇ ਭਾਰਤੀ ਅੰਬੈਸੀ ’ਚੋਂ ਬਾਹਰ ਨਿਕਲ ਆਏ ਅਤੇ 9 ਕਿਲੋਮੀਟਰ ਦਾ ਲੰਬਾ ਪੈਂਡਾ ਪੈਦਲ ਤੈਅ ਕਰ ਕੇ ਰੇਲਗੱਡੀ ਰਾਹੀਂ ਯੂਕਰੇਨ ਦੀ ਸਰਹੱਦ ’ਤੇ ਪਹੁੰਚ ਗਏ, ਜਿੱਥੇ ਵਿਦਿਆਰਥੀਆਂ ਨੂੰ ਡੇਢ ਘੰਟੇ ਦੀ ਜਾਂਚ ਮਗਰੋਂ ਸਲੋਵਾਕੀਆ ਦੇਸ਼ ਨੇ ਦਾਖਲਾ ਦਿੱਤਾ। ਆਯੂਸ਼ ਗਰਗ ਨੇ ਦੱਸਿਆ ਕਿ ਸਲੋਵਾਕੀਆ ਦੇਸ਼ ’ਚ ਦਾਖਲ ਹੁੰਦਿਆਂ ਹੀ ਮੌਜੂਦ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੱਸਾਂ ਰਾਹੀਂ ਉਨ੍ਹਾਂ ਨੂੰ ਬੀਡੋਵੀਸ ਸ਼ਹਿਰ ਦੇ ਇੱਕ ਹੋਟਲ ਵਿੱਚ ਠਹਿਰਾ ਦਿੱਤਾ ਹੈ। ਆਯੂਸ਼ ਗਰਗ ਨੇ ਦੱਸਿਆ ਕਿ ਇੱਥੇ ਕਰੀਬ 200 ਵਿਦਿਆਰਥੀ ਹਨ, ਜਿਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਵੱਲੋਂ ਖਾਣਾ ਮੁਹੱਈਆ ਕਰਵਾਇਆ ਗਿਆ। ਆਯੂਸ਼ ਗਰਗ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ 1-2 ਦਿਨਾਂ ਅੰਦਰ ਉਨ੍ਹਾਂ ਦੀ ਵਤਨ ਵਾਪਸੀ ਹੋਵੇਗੀ। ਆਯੂਸ਼ ਗਰਗ ਨੇ ਦੱਸਿਆ ਕਿ ਹਾਲੇ ਵੀ ਹਜ਼ਾਰਾਂ ਵਿਦਿਆਰਥੀਆਂ ਯੂਕਰੇਨ ਵਿੱਚ ਬੰਕਰਾਂ ’ਚ ਲੁਕੇ ਹੋਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਜਲਦੀ ਉਥੋਂ ਕੱਢਣ ਲਈ ਯੋਗ ਕਦਮ ਉਠਾਏ ਜਾਣ।